ਖਿੜ ਕਵਿਤਾ ਬਾਗ਼ ਜਾਵੇ, ਗਾਈਏ ਤੇ ਆਂਵਣ ਖੁਸ਼ਬੋਈਆਂ॥
ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਤੂੰ ਗਿਆਨ ਦਾ ਚਸ਼ਮਾ ਏ, ਜੀ ਗੁਣ ਕਹਿਣ ਸੁਨਣ ਤੋਂ ਬਾਹਰੇ।
ਇੱਕ ਕਿਣਕਾ ਬਖਸ਼ ਦਿਓ, ਦਾਤਾ ਆ ਗਏ ਤੇਰੇ ਦੁਆਰੇ।
ਕਰ ਰਹਿਮਤ ਦਾਸਾਂ ਤੇ, ਤਲਬਾਂ ਦਿਲ ‘ਚੋ ਉੱਠ ਖਲੋਈਂਆਂ॥
ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਇਹ ਗੇੜ ਚੌਰਾਸੀ ਦਾ, ਕੱਟ ਕੇ ਕਰ ਦਿਓ ਜਨਮ ਸੁਹੇਲਾ।
ਦਰ ਦਰ ਤੇ ਭਟਕਾਂ ਨਾ, ਜਿੰਦਗੀ ਚੌਂਹ ਕੁ ਦਿਨਾਂ ਦਾ ਮੇਲਾ।
ਲਾ ਚਰਨੀ ਤਾਰ ਦਿਓ, ਰੂਹਾਂ ਪਿਆਰ ‘ਚ ਭਿੱਜੀਆਂ ਹੋਈਆਂ॥
ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਤੇਰੀ ਜੂਹ ‘ਚੋ ਮੁੜਦਾ ਨਈ, ਸਾਹਿਬਾ ਕੋਈ ਸਵਾਲੀ ਸੱਖਣਾਂ।
ਅਸੀਂ ਪਾਪੀ ਜਨਮਾਂ ਦੇ, ਦਾਤਾ ਹੱਥ ਮਿਹਰਾਂ ਦਾ ਰੱਖਣਾਂ।
ਇੱਕ ਤੇਰੇ ਘਰ ਬਾਜੋਂ, ਸੁਣਿਆ ਕਿਤੇ ਨਾਂ ਮਿਲਦੀਆਂ ਢੋਈਆਂ॥
ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਦਮ ਦਮ ਹੀ ਜੱਸ ਗਾਈਏ, ਸਾਨੂੰ ਕਦੇਂ ਨਾ ਮਨੋਂ ਵਸਾਰੀਂ।
ਅਕਲਾਂ ਦਾ ਦਾਨ ਦਿਓ, ‘ਸੱਤਾ’ ਲਿਖਦਾ ਛੰਦ ਲਿਖਾਰੀ।
ਹਿਰਦੇ ਵਿੱਚ ਨਾਮ ਦੀਆਂ, ਮਾਲਾ ਸਦਾਂ ਹੀ ਰਹਿਣ ਪ੍ਰੋਈਆਂ।
ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥