ਮੈਂ ਖਿਡਾਰੀ, ਜਿੰਦਗੀ ਮੇਰੀ ਖੇਡ ਜਿਹੀ,

ਕੀ ਰੋਵਾਂ, ਕੀ ਹੱਸਾਂ, ਹਾਰਾਂ ਫਤਿਹਾਂ ਤੋਂ।

ਜਦ ਤੱਕ ਮਨ ਵਿੱਚ ਇੱਛਾ ਸੂਤ ਸਵਾਰਣ ਦੀ,

ਬਚ ਨੀ ਹੋਣਾ ਦੁੱਖ ਦਾ ਚਰਖਾ ਕੱਤਿਆਂ ਤੋਂ।

ਤੇਰੇ ਦਰ ਤੇ ਬਹਿ ਕਿ ਵੀ ਜੇ ਬੈਠਾ ਨਾ,

ਕੁੱਝ ਨਹੀਂ ਹੋਣਾ ਰਗੜੇ ਲੱਖਾਂ ਮੱਥਿਆ ਤੋਂ।

ਕਿਸ ਨੂੰ  ਜਿੱਤਣਗੇ, ਉਹ ਐਂਵੇ ਭਰਮ ਨੇ,

ਮਨ ਹੀ ਨਹੀਂ ਜਿੱਤ ਹੋਏ ਜਿਹੜੇ ਜੱਥਿਆਂ ਤੋਂ।

ਬੇਸੁੱਧ ਮਿਲਿਆ, ਜੋ ਵੀ ਮਿਲਿਆ ਯਾਰ ਤੇਰਾ,

ਕੀ ਦੱਸ ਪੁੱਛਾਂ ਤੇਰੇ ਰੰਗ ਵਿੱਚ ਰੱਤਿਆਂ ਤੋਂ।

ਜਿਸ ਦੇ ਸਿਰ ਤੇ ਨਸ਼ਾ ਹੋਵੇ ਤੇਰੀ ਯਾਰੀ ਦਾ,

ਕਿਉਂ ਭੈ ਖਾਵਣ ਫੇਰ ਉਹ ਤਵਿਆਂ ਤੱਤਿਆਂ ਤੋਂ।

ਹੁਣ ਸੱਚ ਲੱਗਦੈ ਅੰਦਰ ਹੀ ਕਿਤੇ ਹੋਵੇਂਗਾ,

ਦੁਕਾਨਾਂ ਹੀ ਬੱਸ ਮਿਲੀਆਂ ,ਤੇਰਿਆਂ ਪਤਿਆਂ ਤੋਂ।

ਕਦ ਸੱਦੇਂਗਾ ਆਪਣੇ ਕੋਲ ਬਿਠਾਵਣ ਲਈ ,

ਤੂੰ ਹਾਲ ਨੀ ਪੁੱਛਿਆ ਮੁੜਕੇ, ਕੇਰਾਂ ਘੱਤਿਆਂ ਤੋਂ।

"ਮੰਡੇਰ" ਮੁੱਦਤਾਂ ਤੋਂ ਤੈਨੰ ਢੂੰਡ ਰਿਹਾਂ,

ਸਤਿ ਸ੍ਰੀ ਅਕਾਲਾਂ, ਸਲਾਮਾਂ, ਨਮੋ ਸਤਿਆਂ ਚੋਂ॥

📝 ਸੋਧ ਲਈ ਭੇਜੋ