ਖਿੰਡਾ ਕੇ ਆਲ੍ਹਣੇ, ਤੀਲ੍ਹੇ ਨਿਖੇੜ ਕੇ ਤੁਰ ਗਈ।
ਕਿ ਵਰਖਾ ਕੋਠਿਆਂ ਦੇ ਲੇਅ ਉਚੇੜ ਕੇ ਤੁਰ ਗਈ ।
ਉਹ ਸ਼ੁਹਦੀ ਰਾਤ ਜੋ ਆਈ ਸੀ ਰਫ਼ੂਗਰ ਬਣ ਕੇ,
ਉਹ ਭੈੜੀ ਦਿਲ ਦੇ ਸਭ ਟਾਂਕੇ ਉਧੇੜ ਕੇ ਤੁਰ ਗਈ ।
ਮੇਰੀ ਗ਼ੁਰਬਤ ਦੇ ਸਭ ਜ਼ਖ਼ਮਾਂ ਨੂੰ ਛੇੜ ਕੇ ਤੁਰ ਗਈ,
ਉਹ ਚਿੱਟੀ ਕਾਰ ਜੋ ਮੈਨੂੰ ਲਿਬੇੜ ਕੇ ਤੁਰ ਗਈ ।
ਉਹ ਕਾਲੀ ਗਰਦ ਜੋ ਸਾਵਣ ਦੀ ਘਟਾ ਵਰਗੀ ਸੀ।
ਹਨੇਰੀ ਬਣ ਕੇ ਸਭ ਬੂਟੇ ਉਖੇੜ ਕੇ ਤੁਰ ਗਈ ।
ਉਹ ਕੇਹੀ ਖ਼ਬਰ ਸੀ ਤੇਰੇ ਦਰੋਂ ਜੋ ਆਈ ਸੀ,
ਮੇਰੇ ਵਿਸ਼ਵਾਸ ਦੇ ਸ਼ੀਸ਼ੇ ਤਰੇੜ ਕੇ ਤੁਰ ਗਈ ।
ਬਣਾਇਆ ਮੌਤ ਨੇ ਜਦ ਸ਼ਰਨਗਾਹ ਮੇਰੇ ਘਰ ਨੂੰ,
ਹਯਾਤੀ ਵਿਲਕਦੇ ਬਾਰਾਂ ਨੂੰ ਭੇੜ ਕੇ ਤੁਰ ਗਈ ।