ਖਿੜ ਖਿੜ ਹੱਸਦਾ ਸੋਹਣਾ ਫੁੱਲ ਗੁਲਾਬ

ਖਿੜ ਖਿੜ ਹੱਸਦਾ ਸੋਹਣਾ ਫੁੱਲ ਗੁਲਾਬ ਜਿਹਾ ਈ ਲਗਦਾ ਏ 

ਮੈਨੂੰ ਮੇਰਾ ਸੱਜਣ ਵੀ ਪੰਜਾਬ ਜਿਹਾ ਈ ਲਗਦਾ ਏ

ਖੂਹ ਖਲਵਾੜੇ ਡੇਰੇ ਡੰਡੇ ਹੁੱਕੇ ਪਾਣੀ ਸਾਂਝੇ ਸੀ 

ਉਹ ਵੇਲ਼ਾ ਹੁਣ ਅੱਖ ’ਚੋਂ ਡਿੱਗਿਆ ਖ਼ਾਬ ਜਿਹਾ ਈ ਲਗਦਾ ਏ 

ਅੱਖ ਤੇ ਅੱਖ ਏ ਦਿਲ ਵੀ ਮੈਨੂੰ ਇਸ ਧਰਤੀ ਦੇ ਪੁੱਤਰਾਂ ਦਾ

ਸਤਲੁਜ ਜਿਹਲਮ ਰਾਵੀ ਬਿਆਸ ਚਨਾਬ ਜਿਹਾ ਈ ਲਗਦਾ ਏ

ਜਿਹੜੀ ਅੱਖ ਨੂੰ ਸੋਹਣੇ ਰੱਬ ਦੇ ਬੰਦੇ ਸੋਹਣੇ ਲਗਦੇ ਨੇ 

ਉਹਨੂੰ ਹਰ ਇੱਕ ਪੰਛੀ ਵੀ ਸੁਰਖ਼ਾਬ ਜਿਹਾ ਈ ਲਗਦਾ ਏ 

ਜਿਹੜੇ ਵੇਲ਼ੇ ਅੱਖਾਂ ਸਾਹਵੇਂ ਨੁੱਚੜਨ ਭਿੱਜੇ ਵਾਲ਼ਾਂ 'ਚੋਂ 

ਓਦੋਂ ਇੱਕ ਇੱਕ ਮਿਸਰਾ ਇੱਕ ਕਿਤਾਬ ਜਿਹਾ ਈ ਲਗਦਾ ਏ 

ਸੱਜਣ ਜੇਕਰ ਮਹਿੰਦੀ ਵਾਲ਼ੇ ਹੱਥਾਂ ਨਾਲ਼ ਪਿਆਵਣ 'ਤੇ 

ਸਿੱਧੀ ਗੱਲ ਏ ਪਾਣੀ ਫੇਰ ਸ਼ਰਾਬ ਜਿਹਾ ਈ ਲਗਦਾ ਏ

ਮੈਂ ਤੇ ਮੈਂ ਆਂ ‘ਸੰਧੂ’ ਜਿਹੜੀ ਰਾਤ ਨੂੰ ਵੀ ਨਾ ਆਵੇਂ ਤੂੰ 

’ਕੱਲਾ ਚੰਨ ਨਈਂ ਚਾਨਣ ਵੀ ਬੇਤਾਬ ਜਿਹਾ ਈ ਲਗਦਾ ਏ

📝 ਸੋਧ ਲਈ ਭੇਜੋ