ਖਿੜ ਖਿੜ ਹੱਸਦੇ ਫ਼ਿਰਦੇ ਪਿੰਡਾਂ ਵੱਲੇ ਬੱਲੇ

ਖਿੜ ਖਿੜ ਹੱਸਦੇ ਫ਼ਿਰਦੇ ਪਿੰਡਾਂ ਵੱਲੇ ਬੱਲੇ 

ਸੱਜਰੇ ਚੰਨ ਦੇ ਟੋਟੇ ਬੋਹੜਾਂ ਥੱਲੇ ਬੱਲੇ

ਸਿਖਰ ਦੁਪਹਿਰੀਂ ਕਾਲ਼ੇ-ਕੱਟ ਬੱਦਲਾਂ ਦੇ ਟੋਲੇ

ਗੋਰੀ ਧੁੱਪ ਦਾ ਮੇਲਾ ਲੁੱਟਣ ਚੱਲੇ ਬੱਲੇ

ਜਿਹੜਾ ਤੱਕਦਾ ਉਹ ਨਈਂ ਥੱਕਦਾ ਤੱਕਦਾ ਤੱਕਦਾ 

ਰੱਬ ਧਰਤੀ ਤੇ ਉਹ ਉਹ ਮੁੱਖੜੇ ਘੱਲੇ ਬੱਲੇ 

ਜਗ ਤੇ ਇੱਕ ਲਾਹੌਰ ਜਿਸਦੇ ਵਿਚ ਨੇਂ ਸਾਰੇ 

ਜੰਨਤਾਂ ਵਰਗੇ ਗਲ਼ੀਆਂ ਮੋੜ ਮੁਹੱਲੇ ਬੱਲੇ 

ਉਸ ਗ਼ਜ਼ਲ ਤੋਂ ਸਦਕੇ ਜਿਸ ਗ਼ਜ਼ਲ ਦੇ ਮਿਸਰੇ 

ਝਾਂਜਰ ਚੂੜਾ ਛਾਪਾਂ ਮੁੰਦਰੀ ਛੱਲੇ ਬੱਲੇ

ਅੱਲ੍ਹੜ ਰੁੱਤ ਦੀ ਟੋਰ ਤੇ ਜੋਬਨ ਰੁੱਤ ਦਾ ਹਾਸਾ 

ਉੱਡਦੇ ਬੱਗ ਤੇ ਵਗਦੇ ਪਾਣੀ ਠੱਲੇ ਬੱਲੇ

ਜਿਹਨੇ ਕੱਲਿਆਂ ਕੀਤਾ ਇਹ ਉਹਦੀ ਭੁੱਲ ਸੀ 

ਕੱਲੇ ਵੀ ਕਈ ਹੁੰਦੇ ਨਈਂ ਨੇਂ ਕੱਲੇ ਬੱਲੇ

ਜਿਹੜੀ ਜਿਹੜੀ ਰੱਖੀ ਪੱਲੇ ਬੰਨ੍ਹ ਕੇ ਰੱਖੀ

ਜਿਹੜੀ ਛੱਡੀ ਮੁੜ ਨਈਂ ਬੱਧੀ ਪੱਲੇ ਬੱਲੇ

ਕੋਈ ਨਈਂ ‘ਸੰਧੂ’ ਹੈ ਨੇਂ ਜਿਸਰਾਂ ਰੱਬ ਦੇ ਨੇੜੇ

ਸਿੱਧੇ ਸਾਧੇ ਕਮਲ਼ੇ ਰਮਲੇ ਝੱਲੇ - ਬੱਲੇ

📝 ਸੋਧ ਲਈ ਭੇਜੋ