ਚੱਲ ਮਨਾ ਚੱਲ ਸ਼ਬਦਾਂ ਦੇ ਨਾਲ, ਅੱਜ ਫੇਰ ਮੱਥਾ ਲਾਈਏ।

ਦਿਲ ਦਾ ਨਕਸ਼ਾ, ਕਾਗਜ ੳੱਤੇ, ਪੁੱਠਾ ਸਿੱਧਾ ਵਾਹੀਏ।

ਸੋਚਾਂ ਦੇ ਸਮੁੰਦਰ ਦੇ ਵਿੱਚ, ਡੂੰਘਾ ਗੋਤਾ ਲਾਈਏ।

ਖਬਰੈ ਕੋਈ ਨਜ਼ਮ ਦਾ ਮੋਤੀ, ਅਸੀਂ ਵੀ ਲੱਭ ਲਿਆਈਏ।

ਲੋਭੀ ਹੋਈ ਅਕਲ ਮੇਰੀ ਨੂੰ , ਬਹਿ ਕੇ ਅੱਜ ਸਮਝਾਈਏ।

ਮੁੜ ਮੰਡੀ ਨਾ ਜਾਣਾ ਪੈ ਜਾਏ, ਐਸਾ ਵਣਜ ਕਮਾਈਏ।

ਸੁਪਨੇ ਤੱਕ ਤੱਕ, ਅੱਖੀਆਂ ਥੱਕੀਆਂ, ਬਾਹੋਂ ਫੜ ਜਗਾਈਏ।

ਹਕੀਕਤ ਦਾ ਕਿਤੇ ਦਰਸ਼ਨ ਹੋ ਜਾਏ, ਐਸੀ ਬਣਤ ਬਣਾਈਏ।

ਜੇ ਕਿਰਪਾ ਮਾਲਕ ਦੀ ਹੋ ਜਾਏ, ਬੁੱਲੇ ਵਾਂਗੂੰ ਗਾਈਏ।

ਯਾਰ ਦੇ ਨਾ ਦੀ ਝਾਂਜਰ ਪਾ ਕੇ, ਕੰਜਰੀ ਤੱਕ ਬਣ ਜਾਈਏ।

ਮੈਂ ਸੱਜਣ ਦੀ, ਸੱਜਣ ਮੇਰਾ, ਖੁੱਲਾ ਪਿਆਰ, ਜਤਾਈਏ।

ਇੱਜਤ ਉਸਦੀ, ਸ਼ੌਹਰਤ ਉਸਦੀ, ਉਸਤੋਂ ਹੀ ਲੁਟਾਈਏ।

ਮੰਡੇਰਾ ਇੰਝ ਕੁੱਝ ਹੱਥ ਨੀ ਆਉਣਾ, ਆਪਾ ਚੱਲ ਮਿਟਾਈਏ।

ਰਹਿਮਤ ਦੀ ਕੋਈ ਬੱਦਲੀ ਵਰ੍ਹ ਜਾਏ, ਨੰਗੇ ਹੋ ਨਹਾਈਏ॥

📝 ਸੋਧ ਲਈ ਭੇਜੋ