ਜਦ ਮੈਂ ਭਾਲ ਆਪਣੀ ਤੋਂ ਹੰਭ ਗਿਆ ਸਾਂ
ਤੂੰ ਮੈਨੂੰ ਉਦੋਂ ਮਿਲਣਾ ਸੀ
ਜਦ ਮੈਂ ਮੁੜਨ ਲੱਗਿਆ ਸਾਂ ਵਾਪਿਸ ਪੱਤਣਾਂ ਵੱਲ
ਤੂੰ ਮੈਨੂੰ ਉਦੋਂ ਮਿਲਣਾ ਸੀ?
ਸਾਰੇ ਪੰਛੀ ਪਰਿੰਦੇ, ਬੱਦਲ ਤੇ ਤਾਰੇ
ਜੋ ਮੇਰੇ ਨਾਲ ਸਨ ਇਸ ਖੋਜ ਮੁਹਿੰਮ ਵਿਚ
ਮੈਂ ਹਾਰ ਕੇ ਉਹ ਸਭ ਵਾਪਿਸ ਮੋੜ ਦਿੱਤੇ ਸਨ
ਫੁਲਾਂ ਦੇ ਬਾਗ ਸਭ
ਘਰਾਂ ਨੂੰ ਤੋਰ ਦਿੱਤੇ ਸਨ
ਸੋਚਦਾ ਸਾਂ ਮੇਰੀ ਭਾਲ ਇਹ
ਸਭ ਵਿਅਰਥ ਹੈ
ਇਸ ਅਨੰਤ ਸਾਗਰ ਦਾ
ਕੋਈ ਸਿਰਾ ਨਹੀਂ ਹੈ ਸ਼ਾਇਦ
ਜਿਸ ਨੂੰ ਮੈਂ ਪਕੜਨ ਤੁਰਿਆ ਹਾਂ
ਸਭ ਡਰਾਉਣੀ ਅਨੰਤਤਾ ਸੀ
ਤੇ ਛੱਲਾਂ ਚੋਂ ਉਠਦੀ ਧੁੰਦ
ਮੈ ਆਤਮਾ ਦਾ ਕੋਲੰਬਸ
ਹਾਰ ਗਿਆ ਸਾਂ
ਇਸ ਅਮੁੱਕ ਖੋਜ ਵਿਚ
ਖੋਜ ਤੋਂ ਅੱਗੇ ਨਿਕਲ ਗਿਆ ਸਾਂ
ਤੂੰ ਅਚਾਨਕ ਚਮਕੀ ਬਿਜਲੀ ਵਾਂਗ
ਉਸ ਪਾਸਿਓਂ
ਜਿਥੋਂ ਮੈਂ ਨਿਕਲ ਆਇਆ ਸਾਂ
ਮੈ ਘੁੰਮ ਗਿਆ
ਜਿਵੇਂ ਕਿਸੇ ਬੱਚੇ ਦੇ ਹੱਥ ਤੇ
ਲਾਟੂ ਘੁੰਮਦਾ ਹੈ
ਰਿੜਕਿਆ ਗਿਆ
ਆਪਣੇ ਸਾਰੇ ਤਰਕਾਂ ਸਮੇਤ
ਪੰਛੀਆਂ, ਤਾਰਿਆਂ ਤੇ ਬੱਦਲਾਂ ਨੂੰ
ਮੈਂ ਹੁਣ ਅਵਾਜ਼ਾਂ ਮਾਰ ਰਿਹਾ ਹਾਂ
ਜੋ ਮੈਂ ਵਾਪਿਸ ਮੋੜ ਦਿੱਤੇ ਸਨ
ਅਸਮਾਨ ਨੂੰ ਤੇਰੇ ਸਵਾਗਤ ਲਈ ਉਤਾਰ ਰਿਹਾ ਹਾਂ
ਤੂੰ ਮੈਨੂੰ ਉਦੋਂ ਕਿਉਂ ਮਿਲਣਾ ਸੀ
ਜਦ ਮੈਂ ਤਲਾਸ਼ ਤੋਂ ਵੀ ਅੱਗੇ ਨਿਕਲ ਗਿਆ ਸਾਂ
ਹੁਣ ਦੱਸ ਮੈਂ ਕੀ ਕਰਾਂ
ਤੇਰੇ ਸਵਾਗਤ ਲਈ ਮੇਰੇ ਕੋਲ
ਬਹੁਤ ਥੋੜ੍ਹੀਆਂ ਚੀਜਾਂ ਬਚੀਆਂ ਹਨ