ਦੂਰ ਦੂਰ ਤਕ ਫੈਲੀ ਹੋਈ

ਇਸ ਘੁਗ ਵਸਦੇ ਪਿੰਡ ਦੀ ਜੂਹ ਹੈ 

ਪਿੰਡੋਂ ਹਟ ਕੇ 

ਜੂਹ ਦੀ ਹਦ ਤੇ

ਬੀਆਬਾਨ 'ਚ ਘਿਰਿਆ 

ਇਕ ਉਜੜਿਆ 

ਅੰਨ੍ਹਾ ਬੋਲਾ ਖੂਹ ਹੈ 

ਬੁੱਸਿਆ ਹੋਇਆ

ਹਮਕ ਮਾਰਦਾ

ਕੱਖ ਕਾਣ ਦਾ ਕੱਜਿਆ ਦਿਸਦਾ

ਅਜੇ ਵੀ ਥੱਲਾ ਗਿੱਲਾ ਇਸਦਾ

ਜੇਠ ਮਹੀਨੇ ਤਪਣ ਦੁਪਹਿਰਾਂ

ਦਿੱਸਣ ਲੋ ਦੀਆਂ ਕੰਬਦੀਆਂ ਲਹਿਰਾਂ

ਗਰਦ ਵਿਚ ਪਾਂਦੇ

ਬੋਦੀਆਂ ਵਾਲੇ

ਵਾ ਵਿਰੋਲੇ

ਵਾਂਗ ਸ਼ੁਦਾਈਆਂ

ਖਾਂਦੇ ਫਿਰਨ ਘਮੇਟਣੀਆਂ

ਕਹਿੰਦੇ

ਗਲ ਨਹੀਂ ਬਹੁਤ ਪੁਰਾਣੀ

ਇਸ ਖੂਹ ਦਾ ਸੀ ਮਿੱਠਾ ਪਾਣੀ

ਲਹਿ ਲਹਿ ਕਰਦੀ ਸੀ ਹਰਿਆਲੀ

ਠੰਢੀ ਛਾਂ ਹੇਠਾਂ ਸਸਤਾਂਦੇ

ਪਿਆਸ ਮਿਟਾਂਦੇ

ਲੰਘਦੇ ਰਾਹੀ ਅਤੇ ਅਯਾਲੀ 

ਪਤਾ ਨਹੀਂ ਕਿਹੜੀ ਭੁੱਲ ਹੋਈ 

ਡਾਹਢੀ ਕਰਨੀ ਵਾਲਾ ਕੋਈ

ਇਕ ਫਕੀਰ ਸੀ ਕਹਿੰਦੇ

ਲੱਥਾ ਏਥੇ ਦਿਨ ਲਹਿੰਦੇ

ਰਾਤ ਗੁਜ਼ਾਰੀ

ਦਿਨ ਚੜ੍ਹਿਆ ਤਾਂ ਜਾਂਦੀ ਵਾਰੀ

ਇਕ ਟਹਿਣੀ ਉੱਤੇ ਕੁਝ ਪੜ੍ਹ ਕੇ

ਟਿੰਡ ਉੱਤੇ ਟਣਕਾ ਕੇ ਮਾਰੀ

ਸੁਣਿਆ

ਮੁੜ ਇਹ ਖੂਹ ਨਹੀਂ ਗਿੜਿਆ

ਖੇਤਾਂ ਦੇ ਵਿਚ ਕੱਲਰ ਖਿੜਿਆ 

ਗਰਦ ਉਡਾਂਦੇ

ਸਿਰ ਵਿਚ ਪਾਂਦੇ

ਬੋਦੀਆਂ ਵਾਲੇ

ਵਾ ਵਿਰੋਲੇ

ਵਾਂਗ ਸ਼ੁਦਾਈਆਂ

ਖਾਂਦੇ ਫਿਰਨ ਘਮੇਟਣੀਆਂ

ਖ਼ਵਾਜੇ ਪੀਰ ਨੂੰ ਯਾਦ ਕਰੋ ਜੀ 

ਮੁੜ ਇਹ ਖੂਹ ਆਬਾਦ ਕਰੋ ਜੀ 

ਕਰਤਬ ਕੋ ਸਰਾਪ ਨੂੰ ਤੋੜੋ 

ਮੁੜ ਕੇ ਵਿਢੋ ਮੁੜ ਕੇ ਜੋੜੋ

ਇਕ ਦਿਨ ਜੋਗਾਂ ਵਗ ਵਗ ਹਾਰਨ 

ਪਰ ਇਸ ਖੂਹ ਦੀ ਮਾਹਲ ਨਾ ਤਾਰਨ 

ਮੁੜ ਕੇ ਲਹਿ ਲਹਿ ਕਰਨ ਉਜਾੜਾਂ 

ਢੋਲ ਢਮੱਕੇ ਨਾਲ ਆਉਣ ਪਿੰਡ ਵਾਲੇ 

ਮੈਂ ਦਲੀਏ ਦੀਆਂ ਦੇਗਾਂ ਚਾੜ੍ਹਾਂ।

📝 ਸੋਧ ਲਈ ਭੇਜੋ