ਖੂਨੀ ਤੀਰ ਭਵਾਂ ਤੇ ਅੱਖੀਆਂ

ਖੂਨੀ ਤੀਰ ਭਵਾਂ ਤੇ ਅੱਖੀਆਂ ਦਾ ਜਦੋਂ ਜਿਗਰ ਤੇ ਆਕੇ ਬੈਠ ਗਿਆ 

ਡਿਗਾ ਤੜਫ ਕੇ ਜ਼ਖਮੀ ਹੋ ਆਸ਼ਕ ਹਥ ਸੀਨੇ ਨੂੰ ਪਾਕੇ ਬੈਠ ਗਿਆ 

ਗਿਆ ਸਬਰ ਹਥੋਂ ਨਾਲੇ ਸ਼ਰਮ ਗਈ ਕਹਿ ਸਲਾਮ ਅਰਾਮ ਹੋਯਾ ਰੁਖਸਤ 

ਦਿਲ ਯਾਰ ਖਜ਼ਾਨਾ ਵਹਿਦਤ ਦਾ ਐਵੇਂ ਮੁਫਤ ਲੁਟਾ ਕੇ ਬੈਠ ਗਿਆ 

ਜੇਹੜੇ ਤੀਰ ਇਸ਼ਕ ਦਾ ਖਾ ਲੈਂਦੇ ਨਹੀਂ ਮੁੜਦੇ ਸਿਰਾਂ ਨਾਲ ਲਾ ਲੈਂਦੇ 

ਲਗ਼ਰਾ ਹਕ ਹਕ ਸ਼ਾਹ ਮਨਸੂਰ ਕਹੇ ਖੁਦ ਸੂਲੀ ਤੇ ਜਾਕੇ ਬੈਠ ਗਿਆ 

ਐਵੇਂ ਮੁਫ਼ਤ ਨਾ ਖਾਕ ਰੁਲਾ ਦਿਲ ਨੂੰ ਸਿਧਾ ਅਰਥ ਇਸ਼ਕ ਦੇ ਲਾ ਦਿਲ ਨੂੰ 

ਕਾਰੀਗਰ ਤੋਂ ਸਿਕਲ ਕਰਾ ਦਿਲ ਨੂੰ ਹਥੋਂ ਲਾਲ ਗਵਾਕੇ ਬੈਠ ਗਿਆ 

ਸਖ਼ੀ ਪਾਕ ਹੁਸੈਨ ਸੀ ਇਬਨ ਅਲੀ ਪਾਯਾ ਦੀਦ ਮਹਿਬੂਬ ਦਾ ਹਸ ਹਸਕੇ 

ਨਹੀਂ ਡਰਿਆ ਸ਼ਿਮਰ ਦੀ ਤੇਗ਼ ਕੋਲੋਂ ਸਿਰ ਸਜਦੇ 'ਚ ਪਾਕੇ ਬੈਠ ਗਿਆ 

ਰਾਹੀ ਹਸ਼ਮਤ ਸ਼ਾਹ ਉਸ ਰਾਹ ਦਾ ਤੂੰ ਘਰ ਲਭ ਲੈ ਬੇਪਰਵਾਹ ਦਾ ਤੂੰ

ਕਿੱਸਾ ਪੜ੍ਹ ਲੈ ਸਰਮਦ ਸ਼ਾਹ ਦਾ ਤੂੰ ਜਿਹੜਾ ਸਰ ਕਟਵਾਕੇ ਬੈਠ ਗਿਆ 

📝 ਸੋਧ ਲਈ ਭੇਜੋ