ਵਰ੍ਹਦੀ ਅੱਗ ਅੰਦਰ ਤੱਤੀ ਤਵੀ ਉੱਤੇ,

ਵੱਖਰੀ ਕੌਮ ਬਣਾਈ ਖ਼ਾਲਸੇ ਨੇ।

ਗਰਮ ਰੇਤ ਤੇ ਉਬਲਦੀ ਤੇਗ ਵਿੱਚੋਂ,

ਨਵੀਂ ਜ਼ਿੰਦਗੀ ਪਾਈ ਖ਼ਾਲਸੇ ਨੇ।

ਜ਼ੁਲਮ ਕੰਬਿਆ ਨਾਲੇ ਸੰਸਾਰ ਝੁਕਿਆ,

ਜਦੋਂ ਤੇਗ ਉਠਾਈ ਖ਼ਾਲਸੇ ਨੇ।

ਛਾਲੇ ਛਾਲੇ ਸਰੀਰ ਤੇ ਪਏ ਐਧਰ,

ਉੱਧਰ ਜਬਰ ਦੇ ਸੀਨੇ ਵਿੱਚ ਛੇਕ ਹੋ ਗਏ।

ਸਬਰ ਵਿੱਚ ਕੁਰਬਾਨੀਆਂ ਦੇਣ ਵਾਲੇ,

ਪੰਥ ਵਿੱਚ ਪ੍ਰਵਾਨੇ ਅਨੇਕ ਹੋ ਗਏ।

ਕੁਟਲ ਨੀਤੀ ਸਰਕਾਰ ਦੀ ‘ਜਹੀ ਚਲੀ,

ਜ਼ੁਲਮ ਹੋਇਆ ਇਨਸਾਫ਼ ਦੇ ਨਾਂ ਅੰਦਰ।

ਅੱਤਿਆਚਾਰ ਤਸੀਹੇ ਵੀ ਲੱਖ ਦਿੱਤੇ,

ਜ਼ਾਲਮ ਬੈਠ ਕੇ ਕੁਫ਼ਰ ਦੀ ਛਾਂ ਅੰਦਰ।

ਚੰਦੂ ਚੰਦਰੇ ਝੂਠੇ ਇਲਜ਼ਾਮ ਲਾਏ,

ਗੁਰੂ ਘਰ ਲਈ ਥਾਂ ਥਾਂ ਅੰਦਰ।

ਐਪਰ ਸਿੱਖੀ ’ਜਹੀ ਗੁਲਜ਼ਾਰ ਮਹਿਕੀ,

ਸ਼ਹਿਰ ਸ਼ਹਿਰ ਤੇ ਹਰ ਗਰਾਂ ਅੰਦਰ।

ਪਾਣੀ ਦੇਗ ਦਾ ਗੁਰਾਂ ਦੀ ਲਗ ਚਰਨੀਂ,

ਜਦੋਂ ਰਾਵੀ ਦੀ ਹਿੱਕ ਤੇ ਵਹਿਣ ਲੱਗਾ।

ਉਦੋਂ ਰਾਵੀ ਕੁਰਲਾ ਕੇ ਬੋਲ ਉੱਠੀ,

ਰਾਜ ਮੁਗ਼ਲ ਦਾ ਹੁਣ ਨਹੀਂ ਰਹਿਣ ਲੱਗਾ।

ਸਿੱਖ ਕੌਮ ਦੀ ਹੈ ਵੱਖਰੀ ਹੋਂਦ ਵੇਖੋ,

ਖ਼ੂਨੀ ਵਰਕੇ ਇਤਿਹਾਸ ਦੇ ਬੋਲਦੇ ਨੇ।

ਇਹਦਾ ਸਬਰ ਅਜ਼ਮਾਣ ਲਈ ਇੱਕ ਪਾਸੇ,

ਪਾਣੀ ਤੇਗਾਂ ਦੇ ਵਿੱਚ ਪਏ ਖੌਲਦੇ ਨੇ।

ਕਦੀ ਦੇਂਦੇ ਨੇ ਭਾੜੇ ਖੋਪੜੀ ਦੇ,

ਕਦੀ ਨੇਜ਼ਿਆਂ ਤੇ ਸੀਸ ਤੋਲਦੇ ਨੇ

ਬੰਦ ਬੰਦ ਕਟਾ ਕੇ ਹੱਸਦੇ ਨੇ,

ਗੱਲ ਮੌਤ ਦੀ ਜ਼ਰਾ ਨਾ ਗੌਲਦੇ ਨੇ।

ਉਸ ਕੌਮ ਨੂੰ ਦਈਏ ਸਬੂਤ ਕਾਹਦਾ ?

ਜਿਹਦੇ ਲਈ ਕੁਰਬਾਨੀਆਂ ਦਿੱਤੀਆਂ ਨੇ।

ਬੱਚੇ ਨੀਹਾਂ ਦੇ ਹੇਠ ਚਿਣਵਾ ਦਿੱਤੇ,

ਦਿੱਲੀ ਵਿੱਚ ਜੁਆਨੀਆਂ ਦਿੱਤੀਆਂ ਨੇ।

ਕਦ ਤਕ ਰਹੇਗਾ ਸੀਨੇ ਦੇ ਵਿੱਚ ਲਾਵਾ,

ਕਦ ਤਕ ਛਾਲੇ ਪਿੰਡੇ ਤੇ ਪਾਏ ਜਾਸਣ ?

ਗਰਮ ਗਰਮ ਰੇਤ ਦੇ ਭਰ ਕੜਛੇ,

ਕਦ ਤਕ ਸੀਸ ਉੱਤੇ ਉਲਟਾਏ ਜਾਸਣ ?

ਕਦ ਤਕ ਖੋਪੜੀ ਚਿਰੇਗੀ ਖ਼ਾਲਸੇ ਦੀ,

ਕਦ ਤਕ ਸੀਸ ਤੇ ਆਰੇ ਚਲਾਏ ਜਾਸਣ ?

ਮਾਸ ਪਿੰਜਦਾ ਰਹੇਗਾ ਖ਼ਾਲਸੇ ਦਾ ,

ਬੰਦ ਬੰਦ ਕਦ ਤੱਕ ਕਟਾਏ ਜਾਸਣ ?

ਹੁਣ ਤਾਂ ਜ਼ੁਲਮ ਦੀ ਵੇਖ ਲੋ ਹੱਦ ਹੋ ਗਈ,

ਬਲਦੇ ਟਾਇਰ ਵੀ ਸੀਨੇ ਤੇ ਪਾਏ ਗਏ ਨੇ।

ਸਿੱਖ ਮੁਕੇ ਨਾ ਸਿੱਖੀ ਨੇ ਮੁਕਣਾ ਏ,

ਥਾਂ ਥਾਂ ਤੇ ਭਾਵੇਂ ਜਲਾਏ ਗਏ ਨੇ।

ਇਕ ਦੋ ਜਾਂ 25 ਦੀ ਧਾਰਾ ਕਾਹਦੀ ?

ਵਗਦੇ ਹੋਏ ਦਰਿਆਵਾਂ ਦੇ ਜ਼ੋਰ ਅੱਗੇ।

ਗੁਰੂ ਖ਼ਾਲਸਾ ਸਾਗਰ ਤੋਂ ਵਧ ਡੂੰਘੈ,

ਛਲਾਂ ਇਹਦੀਆਂ ਵੱਧਣਾ ਹੋਰ ਅੱਗੇ।

ਇਹ ਕਦੇ ਨਹੀਂ ਹੁਣ ਸਹਿ ਹੋਣਾ,

ਤਕੜਾ ਪਿੱਛੇ ਤੇ ਰਵੇ ਕਮਜ਼ੋਰ ਅੱਗੇ।

ਪੰਥ ਜਾਗਿਆ ਲਏਗਾ ਹੱਕ ਆਪਣਾ,

ਪਾਇਆ ਬਥੇਰਾ ਹੈ ਦੁਸ਼ਟਾਂ ਸ਼ੋਰ ਅੱਗੇ।

ਕੌਮ ਲਈ ਜੋ ਜਾਨ ਕੁਰਬਾਨ ਕਰਦੈ,

ਉਹਦਾ ਰਹੇਗਾ ਨਾਮ ਜਹਾਨ ਅੰਦਰ।

ਉਹੀ ਮਾਝੀ ਕਿਨਾਰੇ ਤੇ ਪਹੁੰਚਦਾ ਏ,

ਠੇਲ੍ਹ ਦੇਂਦਾ ਜੋ ਬੇੜਾ “ਤੂਫਾਨ" ਅੰਦਰ।

📝 ਸੋਧ ਲਈ ਭੇਜੋ