ਖ਼ੂਬਸੂਰਤ ਲੱਗ ਰਹੀ

ਖ਼ੂਬਸੂਰਤ ਲੱਗ ਰਹੀ ਹੈ ਜ਼ਿੰਦਗੀ

ਜਦ ਦੀ ਤੇਰੀ ਹੋ ਗਈ ਹੈ ਜ਼ਿੰਦਗੀ

ਖੁਸ਼ਨੁਮਾ ਹਾਲਾਤ ਨੇ ਕੁਛ ਇਸ ਤਰ੍ਹਾਂ

ਮੁਸਕਰਾ ਕੇ ਲੰਘ ਰਹੀ ਹੈ ਜ਼ਿੰਦਗੀ

ਸਾਦਗੀ ਲਭਦੀ ਨਹੀਂ ਹੁਣ ਦੋਸਤੋ

ਕਾਗ਼ਜੀ ਫੁੱਲਾਂ ਜਿਹੀ ਹੈ ਜ਼ਿੰਦਗੀ।

ਬੇਵਫ਼ਾਈ ਹੈ ਕਿਤੇ ਨੇ ਸਾਜਿਸ਼ਾਂ

ਰਿਸ਼ਤਿਂਆਂ ਨੂੰ ਛੱਲ ਰਹੀ ਹੈ ਜ਼ਿੰਦਗੀ।

ਸਿਰ ਤਲੀ ਤੇ ਧਰ ਕੇ ਆਪਾ ਵਾਰਨਾ

ਦੇਸ਼ ਦੀ ਰੱਖਿਆ ਲਈ ਹੈ ਜ਼ਿੰਦਗੀ।

ਭੌਰਿਆਂ ਨੇ ਚੂਸਿਆ ਹਰ ਫੁੱਲ ਸਦਾ

ਵਾਸ਼ਨਾ ਹੀ ਬਣ ਗਈ ਹੈ ਜ਼ਿੰਦਗੀ।

ਹੁਸਨ ਉਸਦਾ ਵੇਖ ਮੈਂ ਹੈਰਾਨ ਹਾਂ

ਰਹਿਮਤਾਂ ਬਰਸਾ ਰਹੀ ਹੈ ਜ਼ਿੰਦਗੀ।

ਜੀਣ ਦਾ ਵਲ ਹਰ ਕਿਸੇ ਦੇ ਵਸ ਨਹੀਂ

ਇਕ ਬੁਝਾਰਤ ਬਣ ਗਈ ਹੈ ਜ਼ਿੰਦਗੀ।

ਯਾਰ ‘ਉੱਪਲ’ ਜਿੰਦਗੀ ਜੀ ਭਰ ਮਨਾ

ਬੇਵਫ਼ਾ ਮਾਸ਼ੂਕ ਜਿਹੀ ਹੈ ਜ਼ਿੰਦਗੀ।

📝 ਸੋਧ ਲਈ ਭੇਜੋ