ਇਹ ਤੇਰੇ ਪਿਆਰ ਦੇ ਪੱਤਰ ਮੈਂ ਐਵੇਂ ਸਾਂਭ ਰੱਖੇ ਨੇ
ਨਾ ਹੁਣ ਇਹ ਚੁੱਭਦੇ ਮੈਨੂੰ ਨਾ ਹੈ ਇਹਨਾਂ 'ਚ ਨਿੱਘ ਕੋਈ।
ਕਦੀ ਵੀਰਾਨ ਚੁੱਪ ਰਾਤਾਂ 'ਚ ਜੇਕਰ ਫੋਲ ਵੀ ਬਹਿਨਾਂ,
ਨਾ ਦਿਲ ਤੜਪਾਣ ਹੁਣ ਮੇਰਾ ਤੇ ਨਾ ਹੀ ਕਰਨ ਦਿਲਜੋਈ।
ਮੁਹੱਬਤ ਵੀ ਸ਼ਲਾਘਾ ਵੀ, ਹਲਾ ਸ਼ੇਰੀ ਵੀ ਇਨ੍ਹਾਂ ਵਿਚ,
ਅਤੇ ਟੋਕਾਂ ਨਿਹੋਰੇ ਵੀ, ਗਿਲੇ ਵੀ ਤੇ ਦਲਾਸੇ ਵੀ।
ਇਹ ਆਪਣੇ ਆਪ ਇਕ ਦੁਨੀਆ ਸੀ ਆਸ਼ਾ ਤੇ ਨਿਰਾਸ਼ਾ ਦੀ,
ਇਹ ਮਦਰਾ ਦੇ ਪਿਆਲੇ ਸਨ, ਇਹ ਸਨ ਭਿਖਿਆ ਦੇ ਕਾਸੇ ਵੀ।
ਤੂੰ ਜਗ ਦੀ ਨਜ਼ਰ ਤੋਂ ਛੁਪ ਕੇ ਜਗਾ ਕੇ ਨ੍ਹੇਰੀਆਂ ਰਾਤਾਂ
ਸੁਨਹਿਰੀ ਸੁਪਨਿਆਂ ਦੀ ਲੋ 'ਚ ਇਹ ਜਜ਼ਬੇ ਪਰੋਏ ਸਨ,
ਕਲੇਜਾ ਡੋਲਿਆ ਦਿਲ ਧੜਕਿਆ ਸੀ ਹਰ ਸਤਰ ਉੱਤੇ
ਕਦੀ ਇਕ ਇਕ ਅੱਖ਼ਰ 'ਤੇ ਤੇਰੇ ਦੋ ਨੈਣ ਰੋਏ ਸਨ।
ਬਹੁਤ ਬੇਚੈਨ ਕੀਤਾ ਸੀ ਕਦੀ ਮੈਨੂੰ ਉਡੀਕਾਂ ਨੇ
ਕਦੀ ਦਿਨ ਰਾਤ ਇਸ ਦਿਲ ਨੂੰ ਕਿਹਾ ਚਾ ਸੀ ਕਿਹਾ ਡਰ ਸੀ !
ਜਿਵੇਂ ਰੱਬ ਤੋਂ ਕੋਈ ਸੁਖ ਦਾ ਸੁਨੇਹਾ ਲੈ ਕੇ ਆਉਂਦਾ ਹੈ
ਇਨ੍ਹਾਂ ਸਦਕਾ ਕਦੀ ਇਕ ਡਾਕੀਆ ਮੇਰਾ ਪਿਅੰਬਰ ਸੀ
ਮਗਰ ਇਹਨਾਂ ਨੂੰ ਹੁਣ ਤੱਕਦਾ ਤਾਂ ਦਿਲ ਨੂੰ ਕੁਝ ਨਹੀਂ ਹੁੰਦਾ,
ਕਹਿਰ ਇਹ ਹੈ, ਸਮਝਦਾ ਹਾਂ ਕਿ ਉਹ ਗੱਲ ਸੀ ਨਦਾਨੀ ਦੀ,
ਅਤੇ ਸ਼ਾਇਦ ਤੂੰ ਵੀ ਜੇਕਰ ਇਨ੍ਹਾਂ ਨੂੰ ਪੜ੍ਹ ਕੇ ਹੁਣ ਵੇਖੇਂ,
ਤਾਂ ਹੱਸ ਕੇ ਆਖ ਦੇਵੇਂ ਭੁੱਲ ਸੀ ਉਠਦੀ ਜਵਾਨੀ ਦੀ।
ਬੇਸ਼ੱਕ ਜਿੰਦੜੀ ਦੀਆਂ ਪੀੜਾਂ 'ਚੋਂ ਕੱਢ ਕੇ ਲਾਂਭ ਰੱਖੇ ਨੇ,
ਇਹ ਤੇਰੇ ਪਿਆਰ ਦੇ ਪੁਰਜ਼ੇ ਮੈਂ ਫਿਰ ਵੀ ਸਾਂਭ ਰੱਖੇ ਨੇ।