ਖ਼ੁਦ ਨੂੰ ਖ਼ੁਦ ਕਹਿੰਦੇ ਸੂਰਜ ਦੇ ਜਾਏ ਹੋ।
ਫਿਰ ਵੀ ਕਾਹਤੋਂ ਚਾਨਣ ਦੇ ਤਿਹਾਏ ਹੋ।
ਓ ਦਰਿਆਵਾਂ ਸਾਡੀ ਲੋੜ ਸੀ ਕੁਝ ਬੂੰਦਾਂ,
ਤੁਸੀਂ ਤਾਂ ਸਾਰਾ ਸਾਗਰ ਹੀ ਲੈ ਆਏ ਹੋ।
ਕੰਡਿਆਂ ਦਾ ਬੀਅ ਫੁੱਲਾਂ ਵਿੱਚ ਹੀ ਪਲਦਾ ਹੈ,
ਇਹ ਸਦੀਆਂ ਦਾ ਸੱਚ ਹੈ ਕਿਉਂ ਬੁਖਲਾਏ ਹੋ ?
ਮੈਨੂੰ ਹਰ ਪਲ ਤੁਰ ਜਾਹ, ਤੁਰ ਜਾਹ ਕਹਿੰਦੇ ਸਉ,
ਤੁਰ ਚੱਲਿਆ ਹਾਂ ਤਾਂ ਪਿੱਛੇ ਕਿਉਂ ਆਏ ਹੋ ।
ਸਾਡਾ ਦੀਵਾ ਜਗਦਾ ਵੇਖ ਨਾ ਜਰਦੇ ਹੋ,
ਖ਼ੂਬ ਗੁਆਂਢੀ ਹੋ, ਚੰਗੇ ਹਮਸਾਏ ਹੋ ।
ਚਿਹਰਾ ਦੱਸਦਾ ਹੈ ਕਿ ਰੁੰਨੇ ਹੋ 'ਕੇਸ਼ੀ',
ਕਿਸ ਨੂੰ ਆਪਣਾ ਦਰਦ ਸੁਣਾ ਕੇ ਆਏ ਹੋ ?