ਖ਼ੁਦ ਤੋਂ ਹੀ ਸਹਾਰਾ

ਮੈਂ ਖ਼ੁਦ ਤੋਂ ਹੀ ਸਹਾਰਾ ਭਾਲਦਾ ਹਾਂ। 

ਸਮੁੰਦਰ ਹਾਂ ਕਿਨਾਰਾ ਭਾਲਦਾ ਹਾਂ।

ਮੈਂ ਪਾ ਕੇ ਜਿਸਨੂੰ ਖੋ ਦਿੱਤਾ ਸੀ ਐਵੇਂ, 

ਉਸੇ ਨੂੰ ਹੀ ਦੁਬਾਰਾ ਭਾਲਦਾ ਹਾਂ।

ਬਹੁਤ ਮਿੱਠੇ ਨੇ ਤੇਰੇ ਬੋਲ ਯਾਰਾ, 

ਮੈਂ ਕੋਈ ਸ਼ਬਦ ਖਾਰਾ ਭਾਲਦਾ ਹਾਂ।

ਚਮਕ ਪੈਦਾ ਕਰੇ ਅੱਖਾਂ 'ਚ ਮੇਰੀ, 

ਮੈਂ ਉਹ ਦਿਲਕਸ਼ ਨਜ਼ਾਰਾ ਭਾਲਦਾ ਹਾਂ।

ਮੈਂ ਉਸਦੀ ਬਾਤ ਸਾਰੀ ਸੁਣ ਲਈ ਹੈ, 

ਹੁਣ ਅਪਣੇ ਤੋਂ ਹੁੰਗਾਰਾ ਭਾਲਦਾ ਹਾਂ।

📝 ਸੋਧ ਲਈ ਭੇਜੋ