ਜਦੋਂ ਖ਼ੁਦ ਖ਼ੁਦਾ ਹੈ ਇਸ਼ਕ ਕਰਦਾ
ਉਦੋਂ ਕਰਦਾ ਹੈ ਰਾਂਝੇ ਤੇ ਹੀਰ ਪੈਦਾ
ਆਪਣੇ ਪਾਕ ਆਪੇ ਦੇ ਨਾਲ਼ ਆਪ ਮੇਲੇ
ਪਾ ਕੇ ਰੂਹਾਂ ਤੇ ਕਰਕੇ ਸਰੀਰ ਪੈਦਾ
ਕਰਨਾ ਹੋਵੇ ਅਸਲ ਜੇ ਵਸਲ ਪੱਕਾ
ਕਰਦਾ ਔਲ਼ੀਏ ਵਲੀ ਫ਼ਕੀਰ ਪੈਦਾ
ਇਸ਼ਕ ਬਾਝ ਹਯਾਤ ਇਹ ਬਾਂਝ ਬਣਜੇ
ਇਸ਼ਕ ਨਾਲ਼ ਹੀ ਬੀਜ ਜਗ-ਸੀਰ ਪੈਦਾ
ਕਰਦਾ ਆਪ ਹੀ ਇਸ਼ਕ ਪੰਖੇਰੂਆਂ ਥੀਂ
ਕੋਇਲਾਂ , ਘੁੱਗੀਆਂ ,ਮੋਰ ,ਚਕੋਰ ਬਣਕੇ
ਨਵੇਂ-ਦੁੱਧ ਜਦ ਕੁੱਲ ਕਾਇਨਾਤ ਹੁੰਦੀ
ਫੁੱਲ ਖਿੜਦੇ ਨੇ ਨਵੇਂ ਨਕੋਰ ਬਣਕੇ
ਝੜੀ ਚੁੰਮਣਾ ਦੀ ਲਾਵੇ ਚੌਮਾਸਿਆਂ ਵਿੱਚ
ਕਰਨਾ ਧਰਤ ਨੂੰ ਜਦੋਂ ਪਿਆਰ ਹੋਵੇ
ਸੇਜ ਵਸਲ ਦੀ ਚੇਤ ਵਿਛਾ ਦੇਵੇ
ਪੱਤੇ ਪੱਤੇ ‘ਚ ਇਸ਼ਕ ਖ਼ੁਮਾਰ ਹੋਵੇ
ਚੰਨ ਚੁੰਮਦਾ ਆਣ ਸਮੁੰਦਰਾਂ ਨੂੰ
ਗੋਰੀ ਪੁੰਨਿਆਂ ਵਾਲ਼ੀ ਜਦੋਂ ਰਾਤ ਹੋਵੇ
ਆਣ ਸੂਰਜਾ ਧਰਤ ਦਾ ਘੁੰਡ ਚੁੱਕੇ
ਪਹੁ ਫੁੱਟ ਕੇ ਜਦੋਂ ਪ੍ਰਭਾਤ ਹੋਵੇ
ਕਹਿਕਸ਼ਾਂ ,ਸੂਰਜ ਤੇ ਚੰਨ ਤਾਰੇ
ਘੁੰਮਦੇ ਇੱਕ ਦੂਏ ਦੇ ਮਗਰ ਸਾਰੇ
ਖਿੱਚ ਇਸ਼ਕ਼ ਦੀ ਦੇ ਸਿਰ ਟਿਕੇ ਹੋਏ
ਸਗਲ ਖੰਡ ਤੇ ਬ੍ਰਹਿਮੰਡ ਦੇ ਪਸਾਰੇ
ਇਸ਼ਕ ਰੂਪ ਹੈ ਰੱਬ ਦਾ ਨਾਂ ਦੂਜਾ
ਕਾਇਨਾਤ ਹੈ ਚੱਲਦੀ ਜਿਸ ਸਹਾਰੇ