ਖ਼ੁਦਾ ਖੈਰ ਕਰੇ

ਦੀਵਿਆਂ ਹੇਠ ਹਨੇਰਾ ਹੈ ਖ਼ੁਦਾ ਖੈਰ ਕਰੇ । 

ਬਾਗ ਦਾ ਰਾਖਾ ਫੁਲੇਰਾ ਹੈ ਖ਼ੁਦਾ ਖੈਰ ਕਰੇ

ਰਾਤ ਨੂੰ ਰਾਤ ਦਾ ਆਸੇਬ ਨਿਗਲ ਜਾਏਗਾ, 

ਰਾਤ ਜੰਗਲ ਦਾ ਬਸੇਰਾ ਹੈ ਖ਼ੁਦਾ ਖੈਰ ਕਰੇ

ਵੇਖ ਉਹ ਜਵਾਲਾ ਮੁਖੀ ਉਡ ਰਹੇ ਦੋ ਪੰਛੀ, 

ਹਾਲ ਇਹ ਤੇਰਾ ਤੇ ਮੇਰਾ ਹੈ ਖ਼ੁਦਾ ਖੈਰ ਕਰੇ

ਰਾਤ ਆਈ ਹੈ ਤੇ ਇਸ ਰਾਤ ਦਾ ਸਨਮਾਨ ਕਰੋ, 

ਰਾਤ ਦੇ ਪਿੱਛੇ ਸਵੇਰਾ ਹੈ ਖ਼ੁਦਾ ਖੈਰ ਕਰੇ

ਲੁਹਾਰੋ ਮੈਂ ਸਰਾਫਾਂ ਦਾ ਚਲਨ ਵੇਖ ਲਿਆ 

ਹਰ ਇਕ ਸ਼ਖ਼ਸ ਠਠੇਰਾ ਹੈ ਖ਼ੁਦਾ ਖੈਰ ਕਰੇ

ਨਾਗ ਪੂਜੋ ਗੇ , ਖਿਡਾਓ ਗੇ ਤੇ ਪਛਤਾਓ ਗੇ

ਨਾਗ ਤੋਂ ਜ਼ਹਿਰੀ ਸਪੇਰਾ ਹੈ ਖ਼ੁਦਾ ਖੈਰ ਕਰੇ

ਮੈਂ ਨਹੀਂ ਜਾਣਦਾ ਇਸ ਸਾਥ ਦੀ ਨਿਸਬਤ ਕੀ ਹੈ, 

ਹਮ ਸਫ਼ਰ ਹੈ ਕਿ ਲੁਟੇਰਾ ਹੈ ਖ਼ੁਦਾ ਖੈਰ ਕਰੇ।

📝 ਸੋਧ ਲਈ ਭੇਜੋ