ਜਦੋਂ ਪਤੀ ਪਤਨੀ ਤੋਂ ਪਹਿਲਾਂ
ਅਸੀਂ ਮਿਲੇ ਸਾਂ
ਅਪਣੇ ਸ਼ਹਿਰ ਪਰਾਏ ਘਰ ਵਿਚ
ਦੋ ਸੂਰਜ ਮਿਲ ਕੇ ਬੈਠੇ ਸਾਂ
ਇਕ ਦੂਜੇ ਦੇ ਚਾਨਣ ਦੇ ਵਿਚ ਪਿਘਲ ਗਏ ਸਾਂ
ਉਬਲ ਰਹੇ ਦਰਿਆਵਾਂ ਵਾਂਗੂੰ
ਇਕ ਦੂਜੇ ਵਿਚ ਉੱਛਲ ਮਿਲੇ ਸਾਂ
ਤੇਰੇ ਮੇਰੇ ਇਕ ਮੱਥੇ ਵਿਚ
ਤੀਜੀ ਅੱਖ ਉਦੈ ਹੋਈ ਸੀ
ਉਸ ਦਿਨ ਸਾਡਾ ਜਨਮ-ਦਿਵਸ ਸੀ
ਫਿਰ ਇਕ ਦਿਨ ਤੂੰ ਮੈਨੂੰ ਭੇਜ ਸੁਨੇਹਾ
ਮੈਥੋਂ ਮੇਰਾ ਸਿਰ ਮੰਗਿਆ ਸੀ
ਮੈ ਦਿੱਤਾ ਸੀ
(ਇਸ ਸਿਰ ਨੂੰ ਤੂੰ ਦੁਨੀਆਂ ਸਾਹਵੇਂ
ਅਪਣੇ ਧੜ ਉੱਤੇ ਰਖਣਾ ਸੀ)
ਡਾਲੀ ਤੇ ਦੋ ਸੂਰਜ ਬੈਠੇ
ਇਕ ਨੂੰ ਆਪ ਉਡਾ ਦਿੱਤਾ ਸੀ
ਇਸ ਸੰਗਮ ’ਚੋਂ ਇਕ ਦਰਿਆ ਨੂੰ
ਲਞਾ ਬੁੱਚਾ ਪੁੱਟ ਲਿਆ ਸੀ
ਦਰਿਆ ਸੁੰਗੜ ਕੇ ਖੂਹ ਹੋਏ
ਉਸ ਦਿਨ ਕਿਸ ਦਾ ਮਰਨ-ਦਿਵਸ ਸੀ?
ਉਸ ਦਿਨ ਤੋਂ ਅੱਜ ਦਿਨ ਤਕ ਦੋਵੇਂ
ਸਿਵੇ ਵਾਂਗ ਤੁਰਦੇ ਫਿਰਦੇ ਹਾਂ
ਅਗਨ-ਬਿਰਛ ਦੇ ਟਾਹਣਾ ਉੱਪਰ
ਕਦੇ ਕੋਈ ਪੰਛੀ ਨਾ ਬੈਠਾ
ਅਗਨ-ਬਿਰਛ ਦੀ ਚਾਨਣ-ਛਾਵੇਂ
ਕੋਈ ਮੁਸਾਫ਼ਰ ਬੈਠ ਨਾ ਸੱਕੇ
ਅੱਜ ਫਿਰ ਤੇਰਾ ਸੁਨੇਹਾ ਮਿਲਿਆ
ਮੈਨੂੰ ਕੁਝ ਵੀ ਸਮਝ ਨ ਆਇਆ
ਦੋ ਖੂਹਾਂ ਦੀ ਇਕ ਦੂਜੇ ਦੇ
ਨਾਲ ਗੁਫ਼ਤਗੂ ਕੀਕਣ ਹੋਵੇ