ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ ।
ਸਾਡੀਆਂ ਅੱਖਾਂ ਨੇ ਬਰਫ਼ੀਲੇ ਮਨਜ਼ਰ ਲੀਕ ਲਏ ।
ਖੰਭੇ ਵਾਂਗ ਖਲੋਵਣ ਦੇ ਜਦ ਲੋਕਾਂ ਮਾਰੇ ਬੋਲ,
ਅੱਖਾਂ ਉੱਤੇ ਖੋਪੇ ਚਾੜੇ੍ਹ ਚੱਕਰ ਲੀਕ ਲਏ ।
ਹੋਣਾ ਚਾਹੀਦੈ ਦਿਲ ਅੰਦਰ ਕੋਈ ਇਬਾਦਤ ਘਰ,
ਭਾਵੇਂ ਮਸਜਿਦ ਛੱਤੇ ਕੋਈ ਮੰਦਰ ਲੀਕ ਲਏ ।
ਅਜਲੋਂ ਲੇਖ ਥਲੋਚੀ ਸਾਡੇ, ਪਾਣੀ ਕੋਹਾਂ ਦੂਰ,
ਸੱਜਣ ਆਏ ਤੇ ਪਲਕਾਂ ਤੇ ਅੱਥਰ ਲੀਕ ਲਏ ।
ਰੌਣਕ ਮੇਲਿਆਂ ਦੇ ਵਿਚ ਡਰਦਾ ਹੁਣ ਨਹੀਂ ਜਾਂਦਾ ਮੈਂ,
ਕਿਧਰੇ ਫੇਰ ਨਾ ਦਿਲ ਕਮਲਾ ਕੋਈ ਸੱਧਰ ਲੀਕ ਲਏ ।
ਉਸ ਵੀ ਆਪਣੀ ਰੂਹ ਨੂੰ ਲਾ ਲਏ ਡਾਢੇ ਸੰਘਣੇ ਫੱਟ,
ਮੈਂ ਵੀ ਆਪਣੇ ਜੁੱਸੇ ਉੱਤੇ ਹੰਟਰ ਲੀਕ ਲਏ ।
ਆਸ਼ਕਾਂ ਆਪਣੇ ਨਾਂ ਲਿਖਵਾ ਲਏ ਬੇਲੇ, ਥਲ, ਦਰਿਆ,
ਅਕਲਾਂ ਵਾਲਿਆਂ 'ਆਤਿਫ਼' ਰਕਬੇ ਬੰਜਰ ਲੀਕ ਲਏ ।