ਨੀਂਦ ਖੁੱਲ੍ਹੀ ਮੇਰੀ ਤੜਕੇ ਤੜਕੇ
ਨਿੰਮੇ ਨਿੰਮੇ ਚਾਨਣ ਵਾਂਗੂੰ ਮੈਂ ਉਠ ਬੈਠਾ
ਧਰਤੀ ਦੇ ਪਹਿਲੇ ਦਿਨ ਵਰਗੀ ਚੁੱਪਚਾਣ ਸੀ
ਮੇਰੇ ਅੰਦਰ ਕੋਸੇ ਪਾਣੀ ਦਾ ਇਕ ਚਸ਼ਮਾ
ਆਪਣੀ ਕਾਇਆ ਚੰਗੀ ਚੰਗੀ ਲੱਗੇ
ਜੀਅ ਕਰਦਾ ਸੀ ਆਪਣੇ ਆਪ ਨੂੰ ਜੱਫੀਆਂ ਪਾਵਾਂ
ਛੱਤ ਪਾੜ ਮੀਨਾਰ ਜਿਹਾ ਉੱਚਾ ਉੱਠ ਜਾਵਾਂ
ਉੱਚੀ ਸਾਰੀ ਬਾਂਗ ਦਿਆਂ ਪੈਗ਼ੰਬਰ ਵਾਂਗੂੰ
ਆਪਣੇ ਸ਼ਹਿਰ ਦੇ ਸਿਰ ਤੇ ਕਲਗੀ ਵਾਂਗ ਖਲੋਆਂ
ਕੰਧਾਂ ਸਰਕਣ ਲਗੀਆਂ
ਤੇ ਛਤ ਆਸਮਾਨ ਦੇ ਵਾਂਗੂੰ ਫੈਲੀ
ਕਾਇਆ ਵਿਚੋਂ ਗੰਧ ਅਜਨਬੀ
ਤੂੰਬਾ ਤੂੰਬਾ ਟੁੱਟ ਕੇ ਦੂਰ ਦਿਸੌਰੀਂ ਫੈਲੀ
ਸਾਗਰ ਦੇ ਵਿਚ ਮਿਸ਼ਰੀ ਘੋਲੀ
ਤੇ ਮੈਂ ਖਿੜ ਖਿੜ ਹੱਸਿਆ
ਮੇਰੇ ਮੂੰਹੋਂ
ਸੂਰਜ ਟੋਟੇ ਟੋਟੇ ਹੋ ਕੇ ਡਿੱਗ ਰਿਹਾ ਸੀ.....
ਮੇਰੇ ਰੋਸ਼ਨਦਾਨ 'ਚ ਸੁੱਤਾ ਚਿੜੀ-ਆਲ੍ਹਣਾ
ਉਸ ਦੇ ਵਿਚੋਂ ਚੁਹਰ ਚੁਹਰ ਚੁਹ ਜਾਗੀ
ਹੁਣ ਮੈਂ ਚਾਹਾਂ ਅਪਣਾ ਆਪ ਸਮੇਟਾਂ ਸਾਂਭਾਂ
ਨਿੱਕੇ ਤੋਂ ਨਿੱਕਾ ਹੋ ਜਾਵਾਂ
ਵਿਚ ਆਲ੍ਹਣੇ ਬੈਠਾਂ
ਚੁਹਰ ਚੁਹਰ ਚੁਹ ਗਾਵਾਂ
ਨੀਂਦ ਖੁਲ੍ਹੀ ਮੇਰੀ ਤੜਕੇ ਤੜਕੇ
ਨਿੱਕੇ ਨਿੱਕੇ ਚਾਨਣ ਵਾਂਗੂੰ ਮੈਂ ਉੱਠ ਬੈਠਾ