ਖ਼ੁਸ਼ੀ ਪਲ ਦੋ ਪਲ ਕੋਲ ਆਈ ਗਈ

ਖ਼ੁਸ਼ੀ ਪਲ ਦੋ ਪਲ ਕੋਲ ਆਈ, ਗਈ,

ਗ਼ਮੀ ਸਾਥ ਹਰਦਮ, ਨਿਭਾਈ ਗਈ ।

ਤੇਰੇ ਸ਼ਹਿਰ ਅੰਦਰ, ਮਿਰੇ ਪਿਆਰ ਦੀ,

ਕਿਸੇ ਤੋਂ ਵੀ ਕੀਮਤ, ਨਾ ਲਾਈ ਗਈ ।

ਬਣੀ ਆਪ ਹੀ ਦਿਲ 'ਚ, ਨਫ਼ਰਤ ਦੀ ਕੰਧ,

ਕਿਸੇ ਵੀ ਤਰ੍ਹਾਂ, ਫ਼ਿਰ ਨਾ ਢਾਈ ਗਈ ।

ਮਿਲੇ ਦਿਲ ਕਿਸੇ ਨਾਲ, ਕਿਸਮਤ ਖੁਲ਼ੇ,

ਜਾਂ ਉਮਰਾਂ ਦੀ ਸਮਝੋ, ਕਮਾਈ ਗਈ ।

ਨਜ਼ਰ ਕੀਹ ਮਿਲੀ, ਦਿਲ ਨੇ ਮੈਨੂੰ ਕਿਹਾ,

ਕੋਈ ਸ਼ੈ ਤਿਰੀ, ਹੋ ਪਰਾਈ ਗਈ ।

ਸੁਰੀਲੀ ਤੇ ਅਕਸਰ, ਹੋਈ ਜ਼ਿੰਦਗੀ,

ਕਿਸੇ ਤੋਂ ਵੀ ਸੁਰ ਵਿਚ, ਨਾ ਗਾਈ ਗਈ ।

ਗ਼ਰੀਬਾਂ ਦੀ ਕਿਸਮਤ ਦਾ, ਪੁੱਛੋ ਨਾ ਹਾਲ,

ਰਜ਼ਾਈ ਮਿਲੀ, ਤੇ ਤੁਲਾਈ ਗਈ ।

ਏਹ ਸੀਨਾ ਮਿਰਾ, ਗੜ੍ਹ ਹੈ ਭੇਤਾਂ ਦਾ,

ਪਰ, ਮੁਹੱਬਤ ਨਾ ਇਸ ਤੋਂ, ਛੁਪਾਈ ਗਈ ।

ਅਸਾਡੀ ਵਫ਼ਾ ਕਰਦਿਆਂ, ਲੰਘ ਗਈ,

ਤੇਰੇ ਚੋਂ ਨਾ ਪਰ, ਬੇ-ਵਫ਼ਾਈ ਗਈ ।

'ਜਹੀ ਬਚਪਣੇ ਤੋਂ, ਪਈ ਏ ਮਗਰ,

ਅਜੇ ਤੀਕਰਾਂ, ਨਾ ਮਹਿੰਗਾਈ ਗਈ ।

ਹਿਆ ਤੇ ਸ਼ਰਮ ਦਾ, ਹੈ ਅੱਜ ਕਲ੍ਹ ਏਹ ਹਾਲ,

ਜਿਵੇਂ ਦੁੱਧ ਉੱਤੋਂ, ਮਲਾਈ ਗਈ ।

ਬਗਾਨੇ ਘਰਾਂ ਦੀ, ਸੁਲਾਹ ਵੇਖ ਕੇ,

ਨਾ ਅਪਣੇ ਘਰਾਂ ਚੋਂ, ਲੜਾਈ ਗਈ ।

ਬਿਰਖ, ਪੁਰਖ, ਪੰਛੀ ਵੀ ਗਾਵਣਗੇ ਨਾਲ,

ਗ਼ਜ਼ਲ ਜਦ ਮਿਰੀ, ਗੁਣਗੁਣਾਈ ਗਈ ।

ਬਚੀ ਬਸ ਹਿਆਤੀ, ਜ਼ਮਾਨੇ ਤੋਂ 'ਗਿੱਲ',

ਓਹ ਵੀ ਤਾਂ! ਜੇ ਇੱਜ਼ਤ ਗਵਾਈ ਗਈ ।

📝 ਸੋਧ ਲਈ ਭੇਜੋ