ਉਸ ਘਰ ਨਾ ਖ਼ੁਸ਼ੀ ਕਦੇ ਪੈਰ ਪਾਏ,
ਹਰ ਵੇਲੇ ਹੈ ਜਿੱਥੇ ਝਗੜਾ ਰਹਿੰਦਾ।
ਪੈਰ ਸੰਗਲੀ, ਕਿਵੇਂ ਉਹ ਵਧੇ ਅੱਗੇ ,
ਜੋ ਯਾਰ ਦੀ ਖੁਸ਼ੀ ਵੇਖ ਨਾ ਸਹਿੰਦਾ।
ਸੱਚ ਸੱਚ ਦਾ ਰੱਟ ਜੋ ਲਾਈ ਰੱਖੇ,
ਸੌਂਹ ਰੱਬ ਦੀ ਕਦੇ ਨਾ ਸੱਚ ਕਹਿੰਦਾ ।
ਰਹੇ ਮਾਰਦਾ ਫੜ੍ਹਾਂ ਵਿੱਚ ਬੈਠ ਢਾਣੀ,
ਬਣੇ ਭੀੜ ਤਾਂ ਲੁੱਕ ਲੁਕਾ ਬਹਿੰਦਾ ।
ਦਵਾ ਦਾਰੂ ਨਾ ਕਰੇ ਕਾਟ ਓਥੇ,
ਇਸ਼ਕ ਹੱਡਾਂ ‘ਚ ਡੂੰਘਾ ਜਾ ਲਹਿੰਦਾ ।
ਉਸ ਬੰਦੇ ਨਾਲ ਵੀ ਕੀ ਅੱਖ ਭਿੜਨੀ ,
ਨਿੱਤ ਨਵੇਂ ਜੋ ਚਸ਼ਮੇ ਲਾ ਲਾ ਬਹਿੰਦਾ ।
ਸੋਹਣੇ ਜੱਗ ਜਹਾਨ ਨੂੰ ਜਾਣਦਾ ਨਹੀਂ ,
ਬੂਹੇ ਭੇੜ ਜੋ ਗ਼ਾਲ ਉਮਰਾਂ ਬਹਿੰਦਾ ।
ਲੱਖ ਬੱਦਲ ਘੇਰ ਲੈਣ ਐਪਰ ਸ਼ਮੀ,
ਸੂਰਜ ਸੱਚ ਦਾ ਨਾ ਲੁਕਿਆ ਰਹਿੰਦਾ ।