ਖ਼ੁਸ਼ੀ ਵਿਚ ਤਿਤਲੀਆਂ ਦੇ ਪਰ

ਖ਼ੁਸ਼ੀ ਵਿਚ ਤਿਤਲੀਆਂ ਦੇ ਪਰ ਖਿਲਰ ਜਾਵਣ ਦਾ ਮੌਸਮ ਏ ।

ਗ਼ਮਾਂ ਦੀ ਕਿਰਚੀਆਂ ਅੱਖਾਂ 'ਚ ਭਰ ਜਾਵਣ ਦਾ ਮੌਸਮ ਏ ।

ਇਹ ਕਹਿ ਕੇ ਕੂਚ ਸੱਪਾਂ ਕਰ ਲਿਆ ਏ ਬਸਤੀਆਂ ਵਿੱਚੋਂ,

ਅਜੇ ਇਨਸਾਨ ਤੋਂ ਇਨਸਾਨ ਦੇ ਡਰ ਜਾਵਣ ਦਾ ਮੌਸਮ ਏ ।

ਉਹ ਵੇਲੇ ਤੇਰੀ ਕੁਰਬਤ ਦੇ ਮੈਨੂੰ ਅਕਸਰ ਸਤਾਂਦੇ ਨੇ,

ਚਲੇ ਜਾਨੇਆਂ ਫਿਰ ਉਧਰ ਅਗਰ ਜਾਵਣ ਦਾ ਮੌਸਮ ਏ ।

ਇਰਾਦਾ ਕਰ ਲਿਆ ਰੁੱਸਣ ਦਾ ਕਿਸ ਦੇ ਮਸ਼ਵਰੇ ਉੱਤੇ,

ਮੇਰੀ ਜਾਂ ਅੱਜ ਤੇ ਦਿਲ ਵਿਚ ਉਤਰ ਜਾਵਣ ਦਾ ਮੌਸਮ ਏ ।

ਇਹ ਕਿਸ ਦੀ ਆਸ ਤੇ ਚੁਪ-ਚਾਪ ਪਗਡੰਡੀ ਤੇ ਬੈਠਾ ਏਂ,

ਹਨੇਰਾ ਪੈ ਗਿਆ'ਆਸੀ' ਇਹ ਘਰ ਜਾਵਣ ਦਾ ਮੌਸਮ ਏ ।

📝 ਸੋਧ ਲਈ ਭੇਜੋ