ਖੁਸ਼ੀਆਂ 'ਚ ਰਿਹਾ ਹਾਂ

ਖੁਸ਼ੀਆਂ 'ਚ ਰਿਹਾ ਹਾਂ ਤੇ ਬਿਸ਼ਕ ਤੰਗ ਰਿਹਾ ਹਾਂ 

ਤੇਰਾ ਹੀ ਰਿਹਾ ਹਾਂ ਮੈਂ ਜਿੜ੍ਹੇ ਰੰਗ ਰਿਹਾ ਹਾਂ

ਦਿਲ ਵੱਟੇ ਬਿਸ਼ਕ ਤੈਥੋਂ ਮੈਂ ਦਿਲ ਮੰਗ ਰਿਹਾ ਹਾਂ 

ਪਰ ਵੇਖ ਕਿ ਮੈਂ ਫਿਰ ਵੀ ਕਿਵੇਂ ਸੰਗ ਰਿਹਾ ਹਾਂ । 

ਇਨਕਾਰ ਤੁਹਾਡੇ 'ਚ ਮਿਰੀ ਮੌਤ ਛੁਪੀ ਹੈ 

ਡਰ ਡਰ ਕੇ ਮੈਂ ਇਕ ਮੰਗ ਤਦੇ ਮੰਗ ਰਿਹਾ ਹਾਂ

ਮਨਸੂਰ ਬਣਾ ਦਿਲ ਨੇ ਕਈ ਨਾਚ ਨਚਾਏ 

ਸੂਲੀ ਤੇ ਮੈਂ ਤਾਂ ਹੀ ਤੇ ਇਨੂੰ ਟੰਗ ਰਿਹਾ ਹਾਂ

ਇਸ ਮੈਨੂੰ ਫਸਾਇਆ ਤੇ ਮੈਂ ਵੀ ਇਸਨੂੰ ਫਸਾਇਆ 

ਅੜਬੰਗ ਸੀ ਜੋ ਦਿਲ ਮੈਂ ਵੀ ਅੜਬੰਗ ਰਿਹਾ ਹਾਂ

ਮੈਂ ਉਮਰ ਬਿਤਾਈ ਹੈ ਨਿਹੰਗਾਂ ਦੀ ਤਰਾਂ ਹੀ

ਤਾਂ ਹੀ ਤੇ ਮਲੰਗਾਂ ਦੀ ਤਰਾਂ ਨੰਗ ਰਿਹਾ ਹਾਂ।

ਸੁਖ ਦੁਖ ਹੈ ਵਫ਼ਾ ਹੈ ਤੇ ਜ਼ਫ਼ਾ ਵੀ ਹੈ ਤੇ ਫਿਰ ਕੀ

ਹਰ ਰੰਗ ੱਚ ਦਿਲ ਨੂੰ ਮੈਂ ਸਦਾ ਰੰਗ ਰਿਹਾ ਹਾਂ।

ਦਿਲ ਤੰਗ ਰਿਹਾ ਹੈ ਤੇਰੀ ਫੁਰਕਤ 'ਚ ਸਦਾ ਹੀ 

ਮੈਂ ਖ਼ੁਦ ਵੀ ਇਧੇ ਹੱਥੋਂ ਬੜਾ ਤੰਗ ਰਿਹਾ ਹਾਂ

‘ਹਮਦਰਦ' ਮਿਰੇ ਦਿਲ ਤੇ ਪਈ ਚੋਟ ਅਵੱਲੀ 

ਦੋ ਸਾਲ ਕਿਵੇਂ ਤਗਿਆ ਕਿ ਮੈਂ ਦੰਗ ਰਿਹਾ ਹਾਂ !

📝 ਸੋਧ ਲਈ ਭੇਜੋ