ਖ਼ੁਸ਼ੀਆਂ ਦੇ ਸਾਗਰ ਵਿਚ ਵੀ ਮੈਂ ਘਬਰਾਵਾਂ।
ਡਰਦਾ ਹਾਂ ਕਿਧਰੇ ਰੋਣਾ ਹੀ ਨਾ ਭੁੱਲ ਜਾਵਾਂ।
ਤੇਰੇ ਚਿੰਤਨ 'ਤੇ ਵੀ ਡਰ ਦੇ ਸਾਏ ਹਨ,
ਮੈਂ ਵੀ ਅਪਣੀਆਂ ਸੋਚਾਂ ਅੰਦਰ ਕੁਰਲਾਵਾਂ।
ਬਰਫ਼ ਹੋਏ ਇਹ ਜਜ਼ਬੇ ਯੁੱਗ ਪਰਿਵਰਤਨ ਦੇ,
ਕਿਹੜੀਆਂ ਧੁੱਪਾਂ ਦੇ ਵਿਚ ਜਾ ਕੇ ਗਰਮਾਵਾਂ।
ਕੌਣ ਹੈ ਸੁੰਨਿਆਂ ਰਾਹਵਾਂ ਤੇ ਜੋ ਫਿਰਦਾ ਹੈ,
ਮੈਂ ਹਾਂ ਜਾਂ ਫਿਰ ਕੋਈ ਭਟਕਦਾ ਪਰਛਾਵਾਂ।
ਅਪਣੇ ਤੋਂ ਉਸ ਤੱਕ ਦਾ ਸਫ਼ਰ ਅਧੂਰਾ ਹੈ,
ਇਹ ਗੱਲ ਖ਼ੁਦ ਨੂੰ ਦੱਸਣ ਤੋਂ ਮੈਂ ਸ਼ਰਮਾਵਾਂ।
ਉਠ ਖਲੋਤਾ ਤਾਂ ਹਾਂ ਆਹਡਾ ਲੈਣ ਲਈ,
ਅਪਣੇ ਨਾਲ ਮਗਰ ਮੈਂ ਕਿੱਦਾਂ ਟਕਰਾਵਾਂ।