ਖ਼ੁਸ਼ੀਆਂ ਦਾ ਰੰਗ ਖੁਰ ਗਿਐੈ, ਹੁੰਦਾ ਸੀ ਲਾਲ ਲਾਲ

ਖ਼ੁਸ਼ੀਆਂ ਦਾ ਰੰਗ ਖੁਰ ਗਿਐੈ, ਹੁੰਦਾ ਸੀ ਲਾਲ ਲਾਲ,

ਹਾਵਾਂ ਨੇ ਦਿਲ ਧਵਾਂਖਿਐੈ, ਧੁਖ਼ ਧੁਖ਼ ਕੇ ਨਾਲ ਨਾਲ ।

ਪੀੜਾਂ ਨੂੰ ਇੰਜ ਜਾਲਿਐੈ, ਜੀਵਣ ਦੇ ਨਾਲ ਨਾਲ,

ਸੁਰਤਾਂ ਨੂੰ ਜਿੰਜ ਸੰਭਾਲਿਐ, ਗਿਣ ਗਿਣ ਕੇ ਸਾਲ ਸਾਲ ।

ਹਿਕਮਤ ਦੇ ਨਾਲ ਵੀ ਹੋਈਆਂ, ਥੋੜਾਂ ਨਾ ਪੂਰੀਆਂ,

ਜੋੜਾਂ ਤੇ ਭਾਰ ਵਧ ਗਿਐੈ, ਲੋੜਾਂ ਨੂੰ ਪਾਲ ਪਾਲ ।

ਖ਼ੁਸ਼ ਨੇ ਓਹ ਲੋਕ, ਜੋ ਨਈਂ ਕੰਨਾਂ ਨੂੰ ਵਰਤਦੇ,

ਅਪਣਾ ਵਜੂਦ ਗਲ਼ ਗਿਐ, ਗੱਲਾਂ ਨੂੰ ਗਾਲ਼ ਗਾਲ਼ ।

ਰੁੱਖਾਂ ਤੇ ਪਿਆਰ ਤੋਂ ਕਦੀ, ਪੰਛੀ ਨਾ ਬੈਠਦੇ,

ਲੋੜਾਂ ਵਜੋਂ ਹੀ ਚਹਿਕਦੇ, ਫਿਰਦੇ ਨੇਂ ਡਾਲ ਡਾਲ ।

ਆਈ ਨਾ ਮੁੱਕਣ ਵਿਚ ਕਦੀ, ਹਿਜਰਾਂ ਦੀ ਸੀਤ ਰਾਤ,

ਮੇਰੇ ਨਸੀਬ ਸੇਕਿਆ, ਮੈਨੂੰ ਹੀ ਬਾਲ਼ ਬਾਲ਼ ।

ਮੇਰੀ ਤੇ ਉਮਰ ਖਾ ਲਈ ਏ, ਉਸਦੇ ਵਾਦਿਆਂ,

ਓਹਦਾ ਵੀ ਵਕਤ ਟਲ਼ ਗਿਐ, ਮੈਨੂੰ ਟਾਲ ਟਾਲ ।

ਮੌਸਮ ਨਵੇਂ 'ਚ ਔਣ ਜਦ, ਯਾਦਾਂ ਪੁਰਾਣੀਆਂ,

ਕੁਝ ਦੇਰ ਜ਼ਖ਼ਮ ਹੋਕੇ ਹਰੇ, ਹੁੰਦੇ ਲਾਲ ਲਾਲ ।

'ਅਸ਼ਰਫ਼', ਅਜ਼ਾਦ ਮੁਲਕ ਦੀ, ਇਹ ਵੱਡੀ ਦੇਣ ਨਈਂ,

ਕਰਜ਼ੇ ਦੇ ਨਾਲ ਬੰਨ੍ਹ ਲਿਐ, ਜਿਸ ਸਾਡਾ ਵਾਲ ਵਾਲ?

📝 ਸੋਧ ਲਈ ਭੇਜੋ