ਖ਼ੁਸ਼ੀਆਂ ਹਾਸੇ ਛਾਵਾਂ ਕੁਝ ਵੀ

ਖ਼ੁਸ਼ੀਆਂ ਹਾਸੇ ਛਾਵਾਂ ਕੁਝ ਵੀ ਰਹਿੰਦਾ ਨਈਂ 

ਮਰ ਜਾਵਣ ਜਦ ਮਾਵਾਂ ਕੁਝ ਵੀ ਰਹਿੰਦਾ ਨਈਂ

ਚੇਤੇ ਰੱਖਿਓ ਆਪਣਾ ਵੀ ਹੱਕ ਮੰਗਣ 'ਤੇ 

ਜਿੱਥੇ ਮਿਲਣ ਸਜ਼ਾਵਾਂ ਕੁਝ ਵੀ ਰਹਿੰਦਾ ਨਈਂ

ਜੋਬਨ ਰੁੱਤੇ ਮੇਰੇ ਵਰਗੇ ਰੁੱਖਾਂ ਨੂੰ 

ਖਾ ਜਾਵਣ ਜੇ ਛਾਂਵਾਂ ਕੁਝ ਵੀ ਰਹਿੰਦਾ ਨਈਂ 

ਜਿਹੜੇ ਦੇਸ਼ 'ਚ ਥੋਬੇ ਲਾ ਕੇ ਮੂੰਹਾਂ 'ਤੇ 

ਨੱਪੀਆਂ ਜਾਣ ਸਦਾਵਾਂ ਕੁਝ ਵੀ ਰਹਿੰਦਾ ਨਈਂ

ਜਿਸ ਧਰਤੀ ’ਤੇ ਭੇਸ ਵਟਾ ਕੇ ਬੰਦਿਆਂ ਦੇ 

ਫਿਰਦੀਆਂ ਹੋਣ ਬਲ਼ਾਵਾਂ ਕੁਝ ਵੀ ਰਹਿੰਦਾ ਨਈਂ

📝 ਸੋਧ ਲਈ ਭੇਜੋ