ਕੀ ਦੱਸਾਂ ਕੀ ਸੱਲ ਜਰੇ ਨੇ

ਕੀ ਦੱਸਾਂ ਕੀ ਸੱਲ ਜਰੇ ਨੇ ।

ਬੁੱਲਾਂ ਉੱਤੇ ਗੀਤ ਮਰੇ ਨੇ ।

ਕੀ ਜ਼ਖਮਾਂ ਦੀ ਹਾਲਤ ਪੁੱਛਦੈਂ,

ਉਮਰਾਂ ਗੁਜ਼ਰਨ ਬਾਦ ਹਰੇ ਨੇ ।

ਪਹਿਲਾਂ ਇਸ਼ਕ ਦੇ ਵਿਚ ਡੁੱਬੇ ਸੀ,

ਜੋ ਸਰਸਾ ਦੇ ਵਿੱਚ ਤਰੇ ਨੇ ।

ਪਿੰਡੇ ਵਾਲੇ ਭਰ ਹੀ ਜਾਵਣ,

ਕਦ ਰੂਹਾਂ ਦੇ ਜ਼ਖ਼ਮ ਭਰੇ ਨੇ ।

ਮੈਨੂੰ ਸਾੜ ਕੇ ਕੁਝ ਲੋਕਾਂ ਦੇ,

ਲੱਗਦੈ, ਸੀਨੇ ਅੱਜ ਠਰੇ ਨੇ ।

ਜੰਗਜੂਆਂ ਦੇ ਵਾਰਿਸ ਦੇਖੋ,

ਬੌਧਿਕ ਜੰਗ ਦੇ ਵਿੱਚ ਹਰੇ ਨੇ ।

ਕਾਹਤੋਂ ਖੁਦ ਨੂੰ ਖੋਟਾ ਸਮਝੇਂ,

ਤੂੰ ਕਿਉਂ ਸਮਝੇਂ ਲੋਕ ਖਰੇ ਨੇ ।

ਭੀੜਾਂ ਵਿੱਚ ਇਕੱਲੇ ਹੋਵਣ

ਪਰ ਨਾ ਦੇਖੇ ਸ਼ੇਰ ਡਰੇ ਨੇ ।

ਦਿੱਲੀ ਤੋਂ ਬੰਦੂਕਾਂ ਚੱਲੀਆਂ,

ਸਾਡੇ ਵੱਜੇ ਆਣ ਸ਼ਰੇ ਨੇ ।

ਇਕ ਸਿੱਕਾ, ਦੋ ਪਾਸੇ ਹੋਵਣ, 

ਜੰਗ, ਅਮਨ ਬੱਸ ਨਾਮ ਧਰੇ ਨੇ ।

📝 ਸੋਧ ਲਈ ਭੇਜੋ