ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ ।
ਪੰਝੀ ਵਰ੍ਹੇ ਕਮਾਂਦਿਆਂ ਗੁਜ਼ਰੇ ਫੇਰ ਵੀ ਝੋਲੀ ਖ਼ਾਲੀ ਏ ।
ਅੰਦਰੋਂ ਤੇ ਸਭ ਮਰੇ ਹੋਏ ਨੇ ਉੱਤੋਂ ਉੱਤੋਂ ਹਸਦੇ ਨੇ,
ਹਰ ਇਕ ਮੁਖੜਾ ਲੁਟਿਆ ਲੁਟਿਆ ਹਰ ਇਕ ਅੱਖ ਸਵਾਲੀ ਏ ।
ਜਿਹੜਾ ਵੀ ਜ਼ੋਰਾਵਰ ਆਕੇ ਬਾਗ਼ ਉਜਾੜਾ ਪਾਉਂਦਾ ਏ,
ਲੋਕੀ ਡਰਦੇ ਆਖਣ ਉਸਨੂੰ ਸਾਡੇ ਬਾਗ਼ ਦਾ ਮਾਲੀ ਏ ।
ਜਿਸਦਾ ਘਰ ਹੈ ਲੁਟਿਆ ਜਾਂਦਾ ਸੁਖ ਦੀ ਨੀਂਦਰ ਸੌਂਦਾ ਨਈਂ,
ਮੂਰਖ ਫੇਰ ਵੀ ਜਸ਼ਨ ਮਨਾਵਣ ਆਖਣ ਹਿੰਮਤ ਆਲੀ ਏ ।
'ਅਕਬਰ' ਜਿਹੜੇ ਰੁਖ ਦੇ ਥੱਲੇ ਬਹਿਕੇ ਔਂਸੀਆਂ ਪਾਉਨਾਂ ਏਂ,
ਇਹਦੇ ਇਕ ਇਕ ਪੱਤਰ ਉੱਤੇ ਸੌ ਸੌ ਨਕਸ਼ ਖ਼ਿਆਲੀ ਏ ।