ਕੀ ਹੋਣਾ ਐਂ

ਤੂੰ ਜੇ ਮਿਹਰ ਤੇ ਵੀ ਆ ਜਾਵੇਂ

ਹੁਣ ਜਦੋਂ

ਮੇਰੇ ਸੁਖ ਦੀ ਜ਼ਰਾ ਜ਼ਰਾ ਪੂੰਜੀ

ਝੱਖੜਾਂ, ਤੂਫ਼ਾਨਾਂ ਦੀ ਜ਼ੱਦ ਤੇ ਆਈ

ਸਹਿਰਾਵਾਂ ਦੀ ਰੇਤੀ ਵਾਂਗੂੰ

ਥਾਉਂ ਥਾਉਂ ਖਿੱਲਰ ਗਈ ਏ

ਹੁਣ ਜਦੋਂ

ਜੀਵਨ ਦੀ ਸ਼ਹਿਦ ਕਟੋਰੀ ਅੰਦਰ

ਜੱਗ ਤੇ ਜੱਗ ਵਾਲੇ ਦੀ ਬੇਪਰਵਾਹਿਓਂ ਕਰ ਕੇ

ਕੁੱਝ ਤੇਰੀਆਂ ਬੇਮਿਹਰੀਆਂ ਪਾਰੋਂ

ਦੁੱਖਾਂ, ਦਰਦਾਂ, ਹੌਕਿਆਂ, ਹਾਵਾਂ ਦੀ ਦਰਦੀਲੀ ਜ਼ਹਿਰ ਦਾ

ਹਿੱਕ ਹਿੱਕ ਕਤਰਾ

ਨੁਚੜ ਨੁਚੜ ਕੇ

ਅੰਤੋਂ ਵੱਧ ਕੇ

ਜੀਣ ਦੇ ਅੰਮ੍ਰਿਤ ਅੰਦਰ ਕੌੜਾਂਗਾ

ਘੋਲ਼ ਗਿਆ ਏ

ਹੁਣ ਜਦੋਂ

ਦੋਜ਼ਖ਼ ਦੀ ਅੱਗ ਚ ਨਹਾਤਾ

ਸਿਖਰ ਦੁਪਹਿਰ ਦਾ ਬਲਦਾ ਭਖਦਾ ਸੂਰਜ

ਮੇਰੇ ਸਿਰ ਤੇ ਬੋਲ ਗਿਆ ਏ

ਤੂੰ ਜੇ ਮਿਹਰ ਤੇ ਵੀ ਆ ਜਾਵੇਂ

ਫ਼ਿਰ ਵੀ ਦੱਸ ਤੂੰ ਮੇਰਿਆ ਸੱਜਣਾਂ

ਕੀ ਹੋਣਾ ਐਂ

📝 ਸੋਧ ਲਈ ਭੇਜੋ