ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ

ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ

ਚਾਰ-ਚੁਫ਼ੇਰੇ ਧੁੰਮਾਂ ਉਹਦੇ ਪਿਆਰ ਦੀਆਂ

ਸ਼ੌਕ ਜਿਨ੍ਹਾਂ ਨੂੰ ਹੁੰਦਾ ਫੁੱਲ ਸੁੰਘਣ ਦਾ,

ਚੋਭਾਂ ਸਹਿੰਦੇ ਰਹਿੰਦੇ ਨੇ ਉਹ ਖ਼ਾਰ ਦੀਆਂ

ਰਾਹਤ ਕਦੀ ਵੀ ਦਿਲ ਨੂੰ ਉਨ੍ਹਾਂ ਬਖ਼ਸ਼ੀ ਨਈਂ,

ਕੀ ਬਾਤਾਂ ਨੇ ਉਸ ਸੋਹਣੀ ਸਰਕਾਰ ਦੀਆਂ

ਹੁਣ ਤੇ ਸੋਚਾਂ ਤੇ ਵੀ ਪਹਿਰੇ ਲੱਗ ਗਏ ਨੇ,

ਖ਼ਬਰਾਂ ਕੀਵੇਂ ਆਵਣ ਪਰਲੇ ਪਾਰ ਦੀਆਂ

ਹਿਜਰ ਦੀ ਅੱਗ ਦੇ ਅੰਦਰ ਸੜਦੇ ਰਹਿੰਦੇ ਆਂ,

ਤੇਰੀਆਂ ਯਾਦਾਂ ਸਾਡਾ ਸੀਨਾ ਠਾਰਦੀਆਂ

ਨੀਵੀਂ ਪਾ ਕੇ ਜਿਹੜੇ ਕੋਲੋਂ ਲੰਘ ਜਾਂਦੇ,

ਉਹ ਹੀ ਸ਼ਰਮਾਂ ਰੱਖਦੇ ਨੇ ਦਸਤਾਰ ਦੀਆਂ

ਦਿਲ ਤਾਂ ਆਪ ਲਾ ਬੈਠੇ ਆਂ ਤੇਰੇ ਨਾਲ,

'ਰਹੀਲ' ਨੇ ਲੋੜਾਂ ਹੁਣ ਤੇਰੇ ਅਸਰਾਰ ਦੀਆਂ

📝 ਸੋਧ ਲਈ ਭੇਜੋ