ਕੀ ਕਰੇਂਗਾ ਹੁਣ ਪੁੱਛ ਕੇ

ਕੀ ਕਰੇਂਗਾ ਹੁਣ ਪੁੱਛ ਕੇ

ਬਚੇ ਹਾਉਕਿਆਂ ਕੋਲੋਂ

ਸਿੱਸਕਦੇ ਵਿਲਕਦੇ ਸਾਹਵਾਂ ਕੋਲ ਕੀ ਬਚਿਆ ਹੈ ਹੁਣ

ਮੁੱਠੀਆਂ ਰਹਿ ਗਏ ਪਲਾਂ ਪਹਿਰਾਂ ਕੋਲ ਨਹੀਂ ਹੁੰਦਾ

ਕੋਈ ਇਸ ਤਰ੍ਹਾਂ ਦੇ ਸੁਆਲਾਂ ਦਾ ਜੁਆਬ-

ਅਜੇ ਸ਼ਾਇਦ ਹੋਣਗੀਆਂ

ਖਿੜ੍ਹੀਆਂ ਗੁਲਮੋਰ੍ਹਾਂ ਅਮਲਤਾਸਾਂ ਤੇ ਕਨੇਰਾਂ

ਜਿਹਨਾਂ ਦੀਆਂ ਗੋਦਾਂ ਰਹਿ ਗਈਆਂ ਹਨ ਯਾਦਾਂ-

ਬਸ ਓਹੀ ਨੇ ਮੇਰੇ ਗਵਾਹ

ਜਿੱਥੇ ਰਹਿ ਜਾਂਦੇ ਸਨ ਬਚੇ ਦੋ ਚਾਰ ਸਾਹ-

ਐਵੇਂ ਨਾ ਪੁੱਛ ਓਹਦੇ ਬਾਰੇ-

ਯਾਦਾਂ ਜਾਗ ਪੈਣਗੀਆਂ

ਜ਼ਖ਼ਮ ਹੋ ਜਾਣਗੇ ਤਿਆਰ ਫਿਰ ਉੱਠ ਕੇ

ਲੰਘ ਜਾਣ ਦੇ ਇਹਨਾਂ ਨੂੰ

ਨਾ ਕਦੇ ਪਾਣੀ ਪਰਤੇ

ਤੇ ਨਾ ਹੀ ਹੱਥਾਂ 'ਚੋਂ ਕਿਰੇ ਚੰਦਰੇ ਪਹਿਰ-

ਦਸ ਤਾਂ ਰਹੀਆਂ ਨੇ

ਭਿੱਜੀਆਂ ਪਲਕਾਂ

ਆਹ ਦੇਖ ਮੇਰੇ ਵਲ

ਅੱਖਾਂ ਚੋਂ ਟਪਕਦੇ ਹੰਝੂ

ਫੜ੍ਹ ਕੇ ਉਹ ਬੋਲੀ-

ਦਿਨ ਕਿੱਥੇ ਚੜ੍ਹਦਾ ਸੀ

ਓਹਦੇ ਵਗੈਰ-

ਐਂਵੇ ਲੋਕ ਤਾਂ ਉਡੀਕਦੇ ਰਹਿੰਦੇ ਨੇ ਥੱਕੇ ਟੁੱਟੇ ਸੂਰਜ ਨੂੰ

ਸੁਪਨੇ ਟੁੱਟ ਜਾਂਦੇ ਸਨ

ਰਾਤ ਦੀ ਸਾਰੀ ਰੌਸ਼ਨੀ ਓਹਦੀ ਸੀ-ਜਦ ਵੀ ਮਿਲਦਾ

ਚੰਨ ਤਾਂ ਪੱਥਰ ਦਾ ਗੀਟਾ-

ਉਧਾਰ ਚਾਨਣ ਲੈ ਕੋਈ ਜਗੇ

ਤਾਂ ਸੂਰਜ ਨਹੀਂ ਬਣ ਜਾਂਦਾ

ਰਾਤ ਲਈ ਮੰਗੀ ਰੌਸ਼ਨੀ ਤੇ ਕਾਹਦਾ ਮਾਣ-

ਚਿੱਟੀ ਚਾਨਣੀ ਚਾਦਰ ਵਿਛਾ

ਤਾਰਿਆਂ ਦਾ ਦਾਇਰਾ ਜੇਹਾ ਬਣਾ  

ਜਦ ਬੈਠਦੇ-ਗੱਲਾਂ ਕਰਦੇ

ਜਿਸਮਾਂ ਚੋਂ ਨਵੀਆਂ ਕੋਂਪਲਾਂ ਫੁੱਟਦੀਆਂ

ਉਹ ਮੇਰੀ ਬਲਦੀ ਹਿੱਕ ਸਾਹਾਂ ਦੇ ਵਰਕੇ ਥੱਲਦਾ

ਸੁਗੰਧੀਆਂ ਨੂੰ ਜਗਾਉਂਦਾ ਮਾਣਦਾ ਪਹਿਨਦਾ

ਮੈਂ ਕਦੇ ਝੂਠਾ ਜੇਹਾ ਕਹਿ ਕੇ ਪਰਾਂ ਕਰਦੀ-

ਸੁੱਚੇ ਚਾਨਣ ਦੀਆਂ ਰਿਸ਼ਮਾਂ

ਮੇਰੇ ਬਦਨ ਤੇ ਖਿਲਾਰਦਾ ਫ਼ੜਦਾ ਉਹ ਚੰਨੜਾ

ਕਾਇਆਨਾਤ ਮੂਰਛਤ ਹੋ ਜਾਂਦੀ-

ਪਵਨ ਹੌਲੇ 2 ਪੱਬ ਰੱਖ ਟੁਰਦੀ ਕੋਲੋਂ ਦੀ ਲੰਘਦੀ-

ਖਬਰੇ ਸਾਡੀਆਂ ਗੱਲਾਂ ਸੁਣਦੀ-

ਚੁਫ਼ੇਰਾ ਮਹਿਕ ਜਾਂਦਾ

ਕਿਤਿਓਂ ਪਰਿੰਦੇ ਦੀ ਫ਼ਰਫਰਾਂਦੀ ਅਵਾਜ਼ ਆਉਂਦੀ

ਅਸੀਂ ਇੱਕ ਦੂਸਰੇ ਵਿਚ

ਹੋਰ ਗਹਿਰੇ ਉੱਤਰ ਜਾਂਦੇ ਸਿਮਟਦੇ

ਸਮਾਂ ਰੁਕ ਜਾਂਦਾ-

ਪੱਤੇ ਰਾਗਨੀਆਂ ਛੱਡ ਚੁੱਪ ਹੋ ਜਾਂਦੇ-

ਨਿੱਤ ਨਵੀਂ ਕਿਤਾਬ

ਖੁੱਲ੍ਹੀ ਪਈ ਰਹਿ ਜਾਂਦੀ -

ਅਗਾਂਹ ਨਾ ਪੜ੍ਹੀ ਜਾਂਦੀ

ਰਾਤ ਦੀ ਚਾਦਰ ਸਮੇਟਦੇ

'ਕੱਠੀਆਂ ਕਰਦੇ ਕਿਰੀਆਂ ਰੀਝਾਂ-

ਓਹਦੇ ਮੁੱਖ ਦਾ ਵਾਕ ਲੈ ਕੇ ਉੱਠਦੀ ਮੇਰੀ ਕਾਇਆ

ਅਰਜ਼ ਜ਼ਿਕਰ ਰਹਿੰਦਾ ਸੀ ਓਹਦਾ

ਓਹੀ ਸਮਾਂ ਮੇਰਾ ਪੀਰ ਪੈਗੰਬਰ ਬਣਦਾ

ਅੰਬਰੀਂ ਬਾਹਾਂ ਉੱਡਦੀਆਂ ਸੁੱਖਾਂ ਮੰਗਦੀਆਂ-

ਉਹ ਘੜੀ ਪਰਤ ਆਵੇ

ਜੀਣਾ ਜੇਹਾ ਸਿਖ ਜਾਣ ਰਹਿੰਦੇ ਬਚੇ ਦਿਨ

ਪੜ੍ਹ ਲਵੇ ਉਹ ਹਿੱਕ ਦੇ ਰਹਿੰਦੇ ਸਫ਼ੇ ਵੀ

ਪਹਿਲੀ ਤੱਕਣੀ ਪੜ੍ਹ ਕਹਿੰਦਾ ਹੁੰਦਾ ਸੀ-

ਤੇਰਾ ਅੱਜ ਚਾਟ ਨੂੰ ਦਿੱਲ ਕਰਦਾ

ਕੌਫ਼ੀ ਅੱਜ ਕਿਤੇ ਦੂਰ ਚੱਲ ਕੇ ਪੀਈਏ-

ਪਤਾ ਨਹੀਂ ਕਿੰਜ਼ ਮਿਲ ਜਾਂਦਾ ਸੀ

ਚੁੰਨੀ ਦਾ ਰੰਗ ਓਹਦੀ ਪੱਗ ਨਾਲ

ਨਦੀ ਦਾ ਕਿਨਾਰਾ ਰੌਲਾ ਪਾਉਂਦਾ ਵੀ ਸੁਣ ਲੈਂਦਾ ਸੀ

ਸਾਡੀਆਂ ਨਿੱਕੀਆਂ 2 ਚੁੱਪ ਚੁਪੀਤੀਆਂ ਗੱਲਾਂ-

ਮੈਂ ਪੱਥਰ ਕੰਕਰ ਸੁੱਟ ਲਹਿਰਾਂ ਚੁੱਪ ਕਰਾਉਂਦੀ

ਤੇ ਉਹਨੂੰ ਮਿਰਜ਼ੇ ਵਾਂਗ ਸਵਾਉਂਦੀ-

ਉਹ ਬੋਲਦਾ -ਸਾਹ ਜੇਹੇ ਗੁਆਚ ਜਾਂਦੇ ਹਨ

ਜਦ ਤੂੰ ਨਹੀਂ ਮਿਲਦੀ -

ਲੋਕ ਨਵਾਂ ਮਹੀਨਾ ਉਡੀਕਦੇ

ਮੈਂ ਕਈ ਸਾਲ ਸਦੀਆਂ ਪਹਿਰ ਹੰਢਾ ਲੈਂਦੀ-

ਰਾਜੇ ਸੂਰਜ ਦੀ ਵੀ ਕੋਈ ਰੌਸ਼ਨੀ ਆ-ਓਹਨੂੰ ਕਹਿੰਦੀ-

ਮੈਨੂੰ ਨਹੀਂ ਪਰਵਾਹ ਕਿਸੇ ਸੂਰਜ ਚੰਨ ਦੀ

ਦਿਨਾਂ ਦੁਪਹਿਰਾਂ ਨੂੰ ਬੋਲਦੀ-

ਜ਼ਿੰਦਗੀ ਓਹੀ ਜੋ ਕਿਸੇ ਦੀ ਹੋ ਜਾਵੇ

ਪਲ ਓਹੀ ਜੋ ਇੱਕ ਸਾਹ ਬਣ ਕੇ ਇਸ਼ਕ ਗਾਵੇ-

ਜੇ ਕਿਸੇ ਕਿੱਲੀ ਤੇ ਮੁਹੱਬਤ ਟੰਗੀ ਨਹੀਂ ਦਿਸਦੀ

ਓਸ ਘਰ ਕਦੇ ਨਾ ਵੜ੍ਹਨਾ

ਕਾਹਦੇ ਉਹ ਘਰ ਜਿੱਥੇ ਇਸ਼ਕ ਨਹੀਂ ਹੱਸਦਾ

ਕਾਹਦਾ ਉਹ ਗੀਤ ਜੋ ਸਾਹ ਪਰਤਾਂ ਨਹੀਂ ਵਸਦਾ

ਦਿਨ ਬਹੁਤ ਉਦਾਸ ਨੇ ਕਿਤੇ ਨਰਾਜ਼ ਨਾ ਹੋ ਜਾਣ

ਜੋ ਓਸ ਦੁਨੀਆਂ ਦਿਸਦੀ ਸੀ ਉਹ ਨਜ਼ਾਰਾ ਕਿੱਥੇ

ਥੜੇ ਦਹਿਲੀਜ਼ਾਂ ਟੱਪਦੀਆਂ ਸ਼ਾਮਾਂ

ਚੁੱਲ੍ਹਿਆਂ ਤੇ ਉਬਾਲ ਖਾਂਦੀਆਂ ਅੰਗਿੜਾਈਆਂ

ਗਲੀਆਂ ਮੇਲਦੀ ਜਵਾਨੀ

ਘਾਹ ਦੀਆਂ ਤਰਿੜਾਂ ਤੋੜਦੀ ਦੁਪਹਿਰ

ਭੁੱਲ ਕੇ ਠੰਢੀ ਹੋਈ ਕੌਫੀ

ਬਾਗ ਦੀ ਸੈਰ ਤੇ ਪਾਰਕ ਵਿਲਕਦਾ ਇਤਿਹਾਸ

ਅਜੇ ਵੀ ਸੁੱਤਾ ਹੈ ਕਿਤੇ ਲੱਭ ਜਾਵੇਗਾ-

ਕਿਤਾਬਾਂ ਪਏ ਫੁੱਲ ਡੁਸਕ ਰਹੇ ਹਨ-

ਟੀ ਵੀ ਮੂਹਰੇ ਪਈਆਂ ਹਨ ਸਲਾਈਆਂ ਚੁੱਪ ਹਨ

ਓਹਦੇ ਸਵੈਟਰ ਦਾ ਮੇਚ ਅਜੇ ਵੀ ਕਿੰਨਾ ਯਾਦ ਹੈ

ਆਖਰੀ ਸਾਹ ਓਹਦੀਆਂ ਬਾਹਾਂ ਲਈ ਬੈਠੇ ਨੇ

ਕਹਿੰਦਾ ਸੀ ਆਵਾਂਗਾ ਕਿਸੇ ਦਿਨ

ਭਿੱਜੀਆਂ ਪਲਕਾਂ ਨੂੰ ਕੀ ਦੱਸਾਂ

ਹੰਝੂ ਵਾਰ 2 ਪੁੱਛਦੇ ਨੇ ਕਿ ਉਹ ਕਦ ਆਵੇਗਾ ?-

📝 ਸੋਧ ਲਈ ਭੇਜੋ