ਡਰ ਕੇ, ਡਰਾ ਕੇ ,
ਕਿਸੇ ਨੂੰ ਰੁਸਾ ਕੇ ,
ਕੀ ਲੈਣਾ ?
ਫ਼ਕੀਰਾ ਤੂੰ ਆਪਣੀ, ਫ਼ਕੀਰੀ 'ਚ ਕੱਚੈਂ,
ਭਸ਼ਮਾ ਲਗਾ ਕੇ, ਧੂਣੇ ਧੁਖਾ ਕੇ,
ਕੀ ਲੈਣਾ ?
ਮੈਂ ਜਿੱਦਾਂ ਦਾ ਵੀ ਹਾਂ, ਕਬੂਲ ਕਰੀਂ ਮੈਨੂੰ,
ਝੂਠੇ ਸੁਪਨੇ ਦਿਖਾ ਕੇ, ਤੈਨੂੰ ਭਰਮਾ ਕੇ,
ਕੀ ਲੈਣਾ ?
ਤੂੰ ਹੱਥ ਜਦੋਂ ਛੱਡਣਾ, ਮੈਂ ਆਪੇ ਮਰ ਜਾਣਾ,
ਜ਼ਹਿਰਾ ਖਵਾ ਕੇ, ਇੰਨਾ ਤੜਫ਼ਾ ਕੇ,
ਕੀ ਲੈਣਾ ?
ਟਕੋਰ ਕਿੰਝ ਕਰਾਂ, ਦੱਸ ਬਿਰਹਾਂ ਦੇ ਉੱਤੇ,
ਕੋਈ ਵੈਦ ਬੁਲਾ ਕੇ, ਨੁਸਖ਼ਾ ਲਿਖਾ ਕੇ,
ਕੀ ਲੈਣਾ ?
ਰੂਹਾਂ ਦੇ ਪੈਂਡੇ ਤਾਂ, ਰੂਹਾਂ 'ਤੇ ਮੁੱਕਦੇ,
ਜਿਸਮ ਮਿਲਾ ਕੇ, ਅੱਗ ਸੁਲਗਾ ਕੇ,
ਕੀ ਲੈਣਾ ?
ਹਸਰਤ ਏ ਇੰਨੀ, ਕਿ ਤੈਨੂੰ ਹੱਸਦੀ ਨੂੰ ਵੇਖਾਂ,
ਦਰਦ ਛੁਪਾ ਕੇ, ਪਿਆਰ ਲੁਕਾ ਕੇ,
ਕੀ ਲੈਣਾ ?
ਕੰਠ 'ਚ ਵੱਸਦੀ ਨਾ, ਹਾਲੇ ਤਰੰਨਮ,
ਅੱਧੇ ਸੁਰ ਲਾ ਕੇ, ਝੂਠੀ ਵਾਹ-ਵਾਹ ਕਮਾ ਕੇ,
ਕੀ ਲੈਣਾ ?
'ਸੱਤੇ' ਮੁਹੱਬਤ ਦੀ, ਖ਼ਾਕ ਹੈ ਹਸਤੀ,
ਤਖ਼ਤ ਬਿਠਾ ਕੇ, ਹਉਮੈ ਦਿਖਾ ਕੇ,
ਕੀ ਲੈਣਾ ?
ਮਨ ਨਹੀਂਓਂ ਟਿਕਿਆ, ਮਣਕੇ ਵੀ ਗਿਣ ਲਏ,
ਤਸਬੀ ਘੁਮਾ ਕੇ, ਧਾਗੇ ਘਸਾ ਕੇ,
ਕੀ ਲੈਣਾ ?