ਕੀ ਲਿਖਾਂ

ਤੇ ਕੀ ਛੱਡ ਦਿਆਂ

ਦਿਨ!

ਤੂੰ ਸਾਰਾ ਇੱਕ ਨਜ਼ਮ ਹੈਾ

ਮੇਰੀ ਨਜ਼ਰ

ਦੇਖ ਸਕਦੀ ਹੈ

ਬਿਸਤਰੇ ਤੋਂ ਕਿੰਨਾ ਹੀ ਦੂਰ

ਬਿਸਤਰੇ ਤੋਂ ਕਿੰਨਾ ਹੀ ਪਾਰ

ਜਿੱਥੇ ਲਾ-ਇਲਾਜ ਮਰ ਰਹੇ ਹਨ

ਕਿੰਨੇ ਹੀ ਬਿਮਾਰ

ਅੱਜ ਵੀ

ਤੂੰ ਕੀ ਕੀ ਨਹੀਂ ਦੇਖੇਂਗਾ

ਦਿਨ

ਅੱਜ ਤੁਰਨੀਆਂ ਨੇ ਕਬਰਾਂ ਵੱਲ

ਕਿੰਨੀਆਂ ਹੀ ਡੋਲੀਆਂ

ਬਿਨ ਕੱਫ਼ਨ ਉਠ ਜਾਣੀਆਂ

ਅੱਜ ਵੀ ਸੱਧਰਾਂ ਦੀਆਂ ਅਰਥੀਆਂ

ਰੱਬ ਦੇ ਘਰਾਂ ਵਿੱਚ ਹੋਣੇ ਨੇ ਅੱਜ ਵੀ

ਕਿੰਨੇ ਹੀ ਜਬਰ-ਜਿਨਾਹ

ਬਿਲੂੰ ਬਿਲੂੰ ਕਰਦੇ ਫਿਰਨਗੇ ਅੱਜ ਵੀ

ਕਿੰਨੇ ਅੰਨ ਦਾਤਿਆਂ ਦੇ ਬਾਲ

ਵਿਰਾਟ ਰੂਪ ਬਣ ਜਾਵੇਗੀ ਨਜ਼ਮ

ਜੇ ਮੈਂ ਛੋਹ ਬੈਠਾ ਦਿਨ!

ਐਨਾ ਵੀ ਨਹੀਂ ਜਾਣਦੇ

ਅਜੇ ਤਾਂ ਮੇਰੇ ਲੋਕ

ਕਿ ਉਹ ਜੀਣ ਆਏ ਹਨ

ਜਾਂ ਫਿਰ ਮਕਾਣ ਆਏ ਹਨ

ਤਾਂ ਫਿਰ ਅਜੇ ਪੱਥਰਾਂ ਨੂੰ 

ਕਿੰਜ ਦੱਸਾਂ

ਕਿ ਮਨੁੱਖ ਦੇ ਦਿਲ ਵੀ ਹੁੰਦੇ ਨੇ

ਮੈਂ ਕੁੱਝ ਵੀ ਕਿਉਂ ਛੱਡਾਂ

ਦਿਨ!

ਤੂੰ ਸਾਰਾ ਇੱਕ ਨਜ਼ਮ ਹੈਂ

📝 ਸੋਧ ਲਈ ਭੇਜੋ