ਕੀ ਮੈਂ ਆਜ਼ਾਦ ਹਾਂ

ਵਾਹ ਵਾਹ, ਕੀ ਮੈਂ ਆਜ਼ਾਦ ਹਾਂ ।

ਮੈਨੂੰ ਤੇ ਪਤਾ ਹੀ ਨਹੀ ਸੀ ।

ਮੈਨੂੰ ਕਿਸੇ ਦੱਸਿਆ ਈ ਨਹੀ ।

ਸ਼ਾਇਦ ਸੋਚਦੇ ਹੋਣੇ ।

ਕਿਤੇ ਹੱਕ ਨਾ ਮੰਗ ਲਵੇ ।

ਜਿਉਣ ਦਾ, ਪੜ੍ਹਨ ਦਾ, ਲਿਖਣ ਦਾ ।

ਆਪਣੀ ਮਰਜ਼ੀ ਨਾਲ ਮਰਦ ਚੁਣ ਕੇ ।

ਪਿਆਰ ਕਰਕੇ ।

ਉਸ ਨਾਲ ਜ਼ਿੰਦਗੀ ਜਿਉਣ ਦਾ ।

ਵਾਹ, ਹੁਣ ਮੈਨੂੰ ਸਤੀ ਨਹੀ ਹੋਣਾ ਪੈਣਾ । ।

ਹੁਣ ਮੈਨੂੰ ਨਹੀ ਲੇਟਣਾ ਹੋਵੇਗਾ ਦਾਈ ਅੱਗੇ ।

ਧੀ ਦਾ ਕਤਲ ਨਹੀਂ ਕਰਨ ਦੇਵਾਂਗੀ, ਹੁਣ ਕੁੱਖ ਚ ।

ਬੜੀ ਸ਼ਰਮ ਆਉਂਦੀ ਸੀ ।

ਧੀ ਕੋਲੋਂ, ਜਦ ਉਸਨੂੰ ਬੇਗਾਨਾ ਧੰਨ ਕਹਿੰਦੇ ਸੀ ।

ਮੈਂ ਸੁਲਗਦੀ ਰਹੀ ਅੱਜ ਤੱਕ ।

ਪਰ ਹੁਣ ਮੈਨੂੰ ਪਤਾ ਲੱਗਾ, ਕਿ ਮੈਂ ਆਜ਼ਾਦ ਹਾਂ ।

ਅਸਲ ਚ ਮੈਂ ਹੀ ਨਹੀ ਵਰਤੇ ਆਪਣੇ ਅਧਿਕਾਰ ।

ਮੈਂ ਕਿਉਂ ਆਜ਼ਾਦੀ ਦੀ ਮੁਹਤਾਜ ਰਹੀ ।

ਸ਼ਰਮਾਂ ਨੇ ਮੈਂ ਹੀ ਕਿਉਂ ਦੱਬ ਛੱਡੀ ।

ਕਦੇ ਮਾਂ ਦੀ ਚੁੰਨੀ ।

ਕਦੇ ਪਿਉ ਦੀ ਪੱਗ ।

ਕਦੇ ਲੱਜ ਜ਼ਮਾਨੇ ਦੀ, ਜੋ ਸੁੱਟ ਦਿੱਤੀ ਹੈ ।

ਹੁਣ ਮੈਂ ਲੱਜ ਦੀ ਰੱਸੀ ਆਪੇ ਵੱਟੂੰਗੀ  ।

ਤੇ ਵੱਟ ਪਾਉਂਗੀ ਆਪਣੇ ਦਿਮਾਗਾਂ ਨਾਲ ।

ਬਹੁਰੰਗੀ ਸੂਤੜੀ ਕੱਤਣੀ ।

ਨਵੇਂ ਸੰਸਕਾਰਾਂ ਦੇ ਬੂਟੇ ਪਾ ।

ਸੋਹਣੀ ਸੇਜ ਬਣਾ ਬਹਿਣਾ, ਪਿਆਰਾਂ ਦੀ ।

ਮੇਰੀ ਕੁੱਖ ਜੋ ਮਰਜ਼ੀ ਜਨਮੂੰ ।

ਜਾਗ ਵੀ ਤੈਥੋਂ ਲਵਾਉਣੀ, ਕਦਰ ਵੀ ਕਰਨੀ ਤੇਰੀ ।

ਕਿਉਕਿ ਮੈਂ ਹੁਣ ਅਜ਼ਾਦ ਹਾਂ, ਬੇਸ਼ਰਮ ਨਹੀ ।

ਵਾਹ, ਹੁਣ ਮੇਰੇ ਲਾਏ ਨਿੰਮ ਤੇ ਬੋਹੜ ।

ਕੋਈ ਨਹੀ ਵੱਢ ਸਕੂਗਾ ।

ਮੈਂ ਛਾਂਵੇ ਬਹਿ ਕੇ ਉਹਨਾਂ ਦੀ ।

ਆਪਣੇ ਪਿਆਰੇ ਨਾਨਕ ਸਾਹਿਬ ਨੂੰ  ਨਾਨਕ ਕਹਿ ।

ਉਸ ਦਾ ਨਾਮ ਜ਼ੋਰ ਜ਼ੋਰ ਦੀ ਬੋਲਾਂਗੀ ।

ਇੱਕ ਓਂਕਾਰ ਸਾਹਿਬ ਦਾ ਡਾਕੀਆ ਕਹਾਂਗੀ, ਉਹਨਾ ਨੂੰ  ।

ਧੁਰ ਤੋਂ ਜੋ ਲੈ ਆਇਆ ਸੀ, ਜਪੁਜੀ ਸਾਹਿਬ ਦਾ ਰਚੱਈਆ ।

ਲੁਕਾਈ ਤੇ ਆਇਆ, ਫਿਰ ਤਰਨ ਤੇ ਤਾਰਨ ।

ਮੈਂ ਆਜ਼ਾਦ ਹਾਂ ।

📝 ਸੋਧ ਲਈ ਭੇਜੋ