ਕੀ ਪਤਾ ਸੀ ਇਹ ਵੀ ਕਾਰਾ ਹੋਏਗਾ

ਕੀ ਪਤਾ ਸੀ ਇਹ ਵੀ ਕਾਰਾ ਹੋਏਗਾ। 

ਮੇਰਾ ਪਿਆਰਾ ਰਬ ਨੂੰ ਪਿਆਰਾ ਹੋਏਗਾ । 

ਤੇਰੇ ਗ਼ਮ ਦਾ ਹੁਣ ਸਹਾਰਾ ਹੋਏਗਾ। 

ਹੋਏਗਾ ਸਾਡਾ ਗੁਜ਼ਾਰਾ ਹੋਏਗਾ ।

ਰੋ ਕੇ ਹੌਲਾ ਕਰ ਲਵਾਂਗਾ ਇਸ ਨੂੰ ਮੈਂ 

ਜਦ ਮੇਰਾ ਦਿਲ ਭਾਰਾ ਭਾਰਾ ਹੋਏਗਾ ।

ਅਗ ਦੇ ਸਾੜੇ ਨੂੰ ਹਟਾਉਂਦੇ ਅਗ ਦਾ ਸੇਕ 

ਮੇਰੇ ਗ਼ਮ ਦਾ ਗ਼ਮ ਹੀ ਚਾਰਾ ਹੋਏਗਾ ।

ਜਾਣ ਵਾਲੇ ਸੋਚਣਾ ਸੀ ਇਹ ਵੀ ਤੂੰ 

ਕਿਸ ਤਰਾਂ ਸਾਡਾ ਗੁਜ਼ਾਰਾ ਹੋਏਗਾ !

ਕਰ ਦਿਆਂਗਾ ਜਾਨ ਦੇ ਕੇ ਹਲ ਸਵਾਲ 

ਗ਼ੈਰ ਨੂੰ ਉੱਤਰ ਕਰਾਰਾ ਹੋਏਗਾ ।

ਗ਼ੈਰ ਕੰਢੇ ਤੇ, ਤੇ ਮੈਂ ਮੰਝਧਾਰ ਵਿਚ 

ਹੋਏਗਾ ਸਾਡਾ ਨਿਤਾਰਾ ਹੋਏਗਾ।

ਨਾ ਖ਼ੁਦਾ ਦਾ ਨੇੜ ਤਕਿਆ ਜੇ ਤੁਸੀਂ 

ਦੂਰ ਬੇੜੀ ਤੋਂ ਕਿਨਾਰਾ ਹੋਏਗਾ ।

ਕੀ ਮਿਰਾ ਘਰ ਫਿਰ ਬਣਾਏਂਗਾ ਬਹਿਸ਼ਤ 

ਕੀ ਕਦੇ ਏਦਾਂ ਦੁਬਾਰਾ ਹੋਏਗਾ ?

ਤੂੰ ਨਹੀਂ ਆਏਂਗਾ ਫਿਰ ਵੀ ਹੈ ਉਡੀਕ 

ਹੁਣ ਤੇ ਅਨਹੋਣੀ ਸਹਾਰਾ ਹੋਏਗਾ ।

ਜਿਸ ਦੇ ਵਿਚ ਹਮਦਰਦ ਹੁੰਦਾ ਸਾਂ ਗੜੂੰਦ

ਕੀ ਕਦੇ ਫਿਰ ਉਹ ਨਜ਼ਾਰਾ ਹੋਏਗਾ ?

📝 ਸੋਧ ਲਈ ਭੇਜੋ