ਕੀ ਪੁੱਛਦਾ ਏਂ ਕਿਸਰਾਂ ਲੰਘੀ ਹਿਜਰ ਦੀ ਪਹਿਲੀ ਰਾਤ ।
ਜਾਗਦਿਆਂ ਅੱਖਾਂ ਦੇ ਅੰਦਰ ਠਹਿਰ ਗਈ ਸੀ ਰਾਤ ।
ਸੂਰਜ ਚੜ੍ਹਿਆ ਤੇ ਇਕ-ਦੂਜੇ ਕੋਲੋਂ ਲੁਕਦੇ ਫਿਰੀਏ,
ਸਭ ਦੇ ਚਿਹਰਿਆਂ ਉੱਤੇ ਆਪਣੀ ਕਾਲਖ ਮਲ ਗਈ ਰਾਤ ।
ਦੋਹਾਂ ਦੇ ਦਿਲ ਭਰ ਗਏ ਇਹੋ ਸੋਚਦਿਆਂ ਉੱਠਦੇ ਸਾਰ,
ਖ਼ਵਰੇ ਫੇਰ ਕਦੇ ਨਾ ਆਵੇ ਐਨੀ ਚੰਗੀ ਰਾਤ ।
ਮੈਂ ਕੀ ਕਹਿੰਦਾ ਬਸ ਚੁੱਪ ਕਰਕੇ ਨੀਵੀਂ ਪਾਈ ਰੱਖੀ,
ਘਰ ਦੇ ਪੁੱਛ-ਪੁੱਛ ਥੱਕੇ ਕਿੱਥੇ ਰਿਹਾ ਏਂ ਸਾਰੀ ਰਾਤ ।
ਹੋਰ ਭਲਾ ਕੀ ਹੋਣਾ 'ਅੰਜੁਮ' ਇਸ ਤੋਂ ਚੰਗਾ ਮੰਜ਼ਰ,
ਵਗਦੀ ਨਹਿਰ ਦਾ ਕੰਢਾ ਉੱਤੋਂ ਪੂਰੀ ਚੰਨ ਦੀ ਰਾਤ ।