ਕੀ ਪੁੱਛਨਾ ਏ ਕੀ ਹੁੰਦਾ ਸੀ ਯਾਰ ਚਬਾਰੇ ਉੱਤੇ

ਕੀ ਪੁੱਛਨਾ ਕੀ ਹੁੰਦਾ ਸੀ ਯਾਰ ਚਬਾਰੇ ਉੱਤੇ 

ਜਿੰਨਾ ਚਿਰ ਨਈਂ ਆਉਂਦਾ ਮੈਂ ਇਕ ਵਾਰ ਚਬਾਰੇ ਉੱਤੇ

ਘੁੱਟ-ਘੁੱਟ ਸੀਨੇ ਲਾ ਕੇ ਮੇਰੇ ਮੂੰਹ ਤੇ ਸੁੱਟਕੇ ਜ਼ੁਲਫ਼ਾਂ 

ਇਕ ਵਾਰੀ ਤੇ ਦਿੱਤਾ ਸੀ ਤੂੰ ਮਾਰ ਚਬਾਰੇ ਉੱਤੇ 

ਯਾਦ ਜੇ ਅੱਖੀਓ ਸ਼ਾਮਾਂ ਵੇਲ਼ੇ ਲੁੱਟਦੇ ਸਾਂ ਜਦ ਬੁੱਲੇ 

ਬਹਿ ਕੇ ਦੋਹਾਂ ਚੰਨਾਂ ਦੇ ਵਿਚਕਾਰ ਚੁਬਾਰੇ ਉੱਤੇ 

ਵੇਖ ਕੇ ਤੈਨੂੰ ਸਿਖਰ ਦੁਪਿਹਰੀ ਲੱਗਦੀ ਕਿਉਂ ਸੀ ਖ਼ੌਰੇ 

ਸੜਦੀ ਬਲ਼ਦੀ 'ਵਾ ਵੀ ਠੰਡੀ ਠਾਰ ਚਬਾਰੇ ਉੱਤੇ

ਜਿਸ ਦਿਨ ਮਰਨਾ ਹੁੰਦਾ ਸੀ ਮੈਂ ਜਾਂਦਾ ਸੈਂ ਤੂੰ ਵੀ 

ਤਿੱਖੀ ਕਰਕੇ ਨੈਣਾਂ ਦੀ ਤਲਵਾਰ ਚਬਾਰੇ ਉੱਤੇ

ਮੈਨੂੰ ਇਹ ਨਈਂ ਭੁੱਲਿਆ ਖ਼ੌਰੇ ਤੈਨੂੰ ਭੁੱਲ ਗਿਆ ਹੋਵੇ 

ਲੱਗਦਾ ਸੀ ਜੋ ਰੀਝਾਂ ਦਾ ਦਰਬਾਰ ਚਬਾਰੇ ਉੱਤੇ 

ਇੰਜ ਲੱਗਦਾ ਸੁੱਕਣੇ ਪਾ ਕੇ ਭੁੱਲ ਗਈ ਚੁੰਨੀ ਵਾਂਗੂ 

ਭੁੱਲਿਆ ਨਾ ਰੱਖ ਕੇ ਸਾਡਾ ਪਿਆਰ ਚਬਾਰੇ ਉੱਤੇ

ਤੂੰ ਨਈਂ ਦਿਸਦਾ ਫਿਰ ਵੀ ਤੈਨੂੰ ਐਵੇਂ ਲੱਭਦਾ ਰਹਿਨਾ 

ਅੱਜ ਵੀ ਕੇ ਹਫ਼ਤਾ ਤੇ ਇਤਵਾਰ ਚਬਾਰੇ ਉੱਤੇ

ਓਹੀਓ ਤੇ ਰਾਤਾਂ ਸਨ ਜੋ ‘ਸੰਧੂੱ ਰਲ਼ਕੇ ਲੰਘੀਆਂ 

ਰਲ਼ਕੇ ਜਾਂ ਫਿਰ ਲੰਘੇ ਦਿਨ ਜੋ ਚਾਰ ਚਬਾਰੇ ਉੱਤੇ

📝 ਸੋਧ ਲਈ ਭੇਜੋ