ਬਾਰ ਬਾਰ ਕੀ ਸੋਚੀ ਜਾਨੈ, ਬੋਲ ਪੰਜਾਬੀ
ਪੈਂਤੀ ਅੱਖਰਾਂ ਵਾਲ਼ਾ ਕੈਦਾ ਖੋਲ ਪੰਜਾਬੀ ।
ਮੰਨਿਆ ਤੇਰੀ ਮਾਸੀ ਤੈਨੂੰ ਮਾਂ ਵਰਗੀ ਪਰ
ਮਾਂ ਆਪਣੀ ਨਾ ਮਾਸੀ ਕਰਕੇ ਰੋਲ ਪੰਜਾਬੀ ।
ਝੀਤਾਂ ਵਿੱਚ ਦੀ ਊੜਾ ਐੜਾ ਝਾਕ ਰਹੇ ਨੇ
ਇੱਕ ਤਾਕੀ ਤਾਂ ਉਨ੍ਹਾਂ ਨੂੰ ਵੀ ਖੋਲ ਪੰਜਾਬੀ ।
ਹਿੰਦੀ ਉਰਦੂ ਹੋਰ ਭਾਸ਼ਾਵਾਂ ਸਿਰ ਮੱਥੇ ਪਰ
ਜਦ ਬੋਲਾਂ ਪੰਜਾਬੀ ਵੱਜੇ ਢੋਲ ਪੰਜਾਬੀ ।
ਤੇਰੇ ਘਰ ਦਫ਼ਤਰ ਪਰਦੇਸੀ ਆਣ ਵੜੇ ਨੇ
ਬਾਹਰ ਬੈਠ ਉਡੀਕਣ ਤੈਨੂੰ ਬੋਲ ਪੰਜਾਬੀ ।
ਪੁੱਛਣ ਭਾਈ ਵੀਰ ਸਿੰਘ ਪੂਰਨ ਸਿੰਘ ਦੋਨੋਂ
ਵੇਚ ਛੱਡੀ ਪੰਜਾਬੀਓ ਕਿਸ ਮੋਲ ਪੰਜਾਬੀ ।
ਪਿਆਰ ਮੁਹੱਬਤ ਯਾਰ ਦੇ ਸਿਰ ਤੇ ਚੜ੍ਹ ਕੇ ਬੋਲੇ
ਜਦ ਦੇਂਦੀ ਹੈ ਕੰਨੀਂ ਮਿਸ਼ਰੀ ਘੋਲ ਪੰਜਾਬੀ ।
ਮਾਂ ਬੋਲੀ ਛਡ, ਬੱਚੇ ਨੇ, ਜਦ ਬਾਤਾਂ ਪਾਉਂਦੇ
ਕੀ ਦੱਸਾਂ ਕਿੰਝ ਅੰਦਰ ਪੈਂਦੇ ਹੋਲ ਪੰਜਾਬੀ ।
ਨੰਨਾ ਨਾਨਕ, ਬੱਬਾ ਬੁੱਲ੍ਹਾ, ਵਾਵਾ ਵਾਰਿਸ
ਕੱਕਾ ਕੈਦੈ ਵਾਲ਼ਾ ਵਰਕਾ ਫੋਲ ਪੰਜਾਬੀ ।
ਪੰਜਾਬੀ ਵਿੱਚ ਵਾਕ ਉਚਾਰੇ ਬਾਣੀ ਗਾਵੇ
ਜਾ ਉੱਠ ਬਹਿ ਜਾ ਬਾਬੇ ਨਾਨਕ ਕੋਲ ਪੰਜਾਬੀ ।
ਦੇਸ਼ ਮਿਰੇ ਵਿੱਚ ਵੱਗਣ ਨਦੀਆਂ ਵਾਂਗ ਬੋਲੀਆਂ
ਪੰਜ ਆਬਾਂ ਦੇ ਨਾਲ ਵੀ ਪੂਰਾ ਤੋਲ ਪੰਜਾਬੀ ।
ਹਰ ਬੋਲੀ ਹੈ ਮਾਮੀ ਮਾਸੀ ਤਾਈ ਐਪਰ
ਕਿੱਥੋਂ ਲੱਭਾਂ ਮੈਂ ਆਪਣੀ ਮਾਂ ਸੋਲ੍ਹ ਪੰਜਾਬੀ ।
ਗੁਰਮੁੱਖੀ ਸ਼ਾਹਮੁੱਖੀ ਸੱਕੀਆਂ ਭੈਣਾਂ ਲੱਭਣ
ਵਿਛੜੇ ਜੱਟ ਅਲਬੇਲੇ ਵੀਰ ਨਿਰੋਲ ਪੰਜਾਬੀ ।
ਸੁਹਣੇ ਰੱਬ ਦਾ ਲੱਖ ਲੱਖ ਵਾਰੀ ਸ਼ੁਕਰ ਮਨਾਵਾਂ
ਮਾਂ ਬੋਲੀ ਜਿਸ ਪਾਈ 'ਉੱਪਲ' ਝੋਲ ਪੰਜਾਬੀ ।