ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ

ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ ।

ਜਦ ਪਤਾ ਹੋਵੇ ਕਿ ਮਾਂ ਦੇ ਸੁਪਨੇ ਟੁੱਟ ਜਾਣੇ ।

ਮੈਂ ਦੋ ਦਿਨ ਦੇ ਪਿਆਰ ਨੂੰ  ਕਿੰਝ ਪਿਆਰ ਕਹਾਂ ।

ਮੇਰੀ ਮਾਂ ਦੇ ਪਿਆਰ ਦੇ ਵੀਹ ਸਾਲ, ਮਿੱਟੀ ਵਿੱਚ ਰੁਲ ਜਾਣੇ ।

ਮੇਰੇ ਪਿਉ ਦੀ ਪੱਗ ਸੁਪਨਿਆਂ ਚਿੱਟੀ ਹੈ ।

ਮੈਂ ਕਿੰਝ ਭੁੱਲ ਜਾਵਾਂ, ਗੋਦੀ ਦੇ ਜੋ ਨਿੱਘ ਮਾਣੇ ।

ਕਰ ਕਰ ਦਿਹਾੜੀਆਂ ਜਿਸਨੇ, ਖੂਨ ਸੁਕਾ ਛੱਡਿਆ ।

ਜੋ ਗਾਉਂਦਾ ਮੈਨੂੰ ਇੱਜ਼ਤ ਕਹਿ, ਹਰ ਦਿਨ ਗਾਣੇ ।

ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ ।

ਜਦ ਪਤਾ ਹੋਵੇ ਕਿ ਪਿਉ ਦੇ ਸੁਪਨੇ ਟੁੱਟ ਜਾਣੇ ।

ਵੀਰਾ ਮੇਰਾ ਵਿੱਚ ਪੰਚਾਇਤਾਂ ਜਦੋ ਬਹੇ

ਗੱਲ ਉਹਦੀ ਤੇ ਫੁੱਲ ਚੜਾਉਂਦੇ ਸਭ ਜਾਣੇ

ਰਾਖੀ ਕਰਦਾ ਫਿਰਦਾ, ਕਿ ਅਣਮੁੱਲੇ ਹਾਂ ।

ਮਾਪੇ ਨਾ ਬਣਨ ਕਮਾਪੇ, ਤੂੰ ਇਹ ਕੀ ਜਾਣੇ ।

ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ ।

ਜਦ ਪਤਾ ਹੋਵੇ ਕਿ ਵੀਰ ਦੇ ਸੁਪਨੇ ਟੁੱਟ ਜਾਣੇ ।

ਜਦ ਪਤਾ ਕਿ ਮਾਮੇ ਚੂੜਾ ਪਾ ਦੇਣਾ ।

ਫਿਰ ਕੌਣ ਚੂੜੀਆਂ ਪਾਵੇ, ਸੁਣ ਉਏ ਅਣਜਾਣੇ ।

ਪਲੰਘ ਤੇ ਪੀੜਾ, ਮਾਮੇ ਮੇਰੇ ਲਈ ਲੈ ਰੱਖਿਆ ।

ਮੈਂ ਕਾਹਤੋਂ ਮੰਜੀਆਂ ਦੇ ਤਣਦੀ ਰਹਾਂ ਤਾਣੇ ।

 ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ ।

ਜਦ ਪਤਾ ਹੋਵੇ ਮਾਮੇ, ਨਾਨੀ ਦੇ ਸੁਪਨੇ ਟੁੱਟ ਜਾਣੇ ।

ਨਾਲੇ ਤੂੰ ਤੇ ਜਾਣਦਾ, ਸੁਪਨਿਆਂ ਮੇਰੇ ਨਾਨਕ ਨੂੰ  ।

ਸਰਬ ਤਾਂ ਜਿਉਂਦੀ, ਉਸ ਦੇ ਯਾਰਾਂ ਵਿੱਚ ਭਾਣੇ ।

ਜੱਪਣੋਂ ਉਸਨੇ ਸਤਿਕਰਤਾਰ ਤੇ ਨਹੀਂ ਹਟਣਾ ।

ਲੋਕੀਂ ਚਾਹੇ ਮਾਰਨ ਉਹਨੂੰ ਨਿੱਤ ਤਾਹਨੇ ।

ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ ।

ਜਦ ਪਤਾ ਹੋਵੇ ਕਿ ਰਬ ਨੂੰ  ਮਿਲਣ ਦੇ ਸੁਪਨੇ ਟੁੱਟ ਜਾਣੇ ।

📝 ਸੋਧ ਲਈ ਭੇਜੋ