ਕਿੱਧਰੇ-ਕਿੱਧਰੇ ਚਾਨਣ ਦਾ ਲਿਸ਼ਕਾਰਾ ਸੀ ।
ਅਸਮਾਨਾਂ ਤੇ ਵਿਰਲਾ-ਵਿਰਲਾ ਤਾਰਾ ਸੀ ।
ਉਹਦੀ ਲੰਬੀ ਚੁੱਪ ਸੀ ਬਲਦੀ ਲੱਕੜ ਵਾਂਗ,
ਉਹਦਾ ਰੋਸਾ ਇਕ ਤਪਦਾ ਅੰਗਿਆਰਾ ਸੀ ।
ਘਰ ਵਿਚ ਹੋਣੀ ਤਾਂਘ ਕਿਸੇ ਨੂੰ ਸਾਡੀ ਵੀ,
ਸਫ਼ਰਾਂ ਅੰਦਰ ਏਹੋ ਸੋਚ ਸਹਾਰਾ ਸੀ ।
ਢੇਰ ਕਿਤਾਬਾਂ, ਕਾਗ਼ਜ਼, ਪੱਤਰ ਤਸਵੀਰਾਂ,
ਸਾਰੇ ਘਰ ਵਿਚ ਉਹਦਾ ਬੜਾ ਖਿਲਾਰਾ ਸੀ ।
ਉਹਦਾ ਹਾਸਾ ਵੀ ਤੇ ਖੰਡਾਂ ਘੋਲ ਗਿਆ,
ਉਹਦਾ ਗੁੱਸਾ ਜੇਕਰ ਬਹੁਤ ਕਰਾਰਾ ਸੀ ।
ਸੋਹਣਾ ਵੀ ਸੀ, ਪੜ੍ਹਿਆ ਲਿਖਿਆ ਵੀ ਸੀ, ਪਰ-
'ਮਰੀ' ਦੇ ਮੌਸਮ ਵਾਂਗੂੰ ਬੇਇਤਬਾਰਾ ਸੀ ।