ਕਿਧਰ ਗਏ ਮੁਲਖ ਦੇ ਵਾਲੀ

ਕਿਧਰ ਗਏ ਮੁਲਖ ਦੇ ਵਾਲੀ,

ਦੇਸ ਵਲਾਇਤ ਕਰ ਗਏ ਖ਼ਾਲੀ,

ਚਲਦੇ ਹੰਸ ਮੋਰ ਦੀ ਚਾਲੀ,

ਪੱਕੇ ਮਹਿਲ ਉਸਾਰ ਗਏ

ਚੰਦਰ ਮੁਖੀ ਘਰ ਨਾਰ ਜਿਨ੍ਹਾਂ ਦੇ,

ਨੌਂ ਨੌਂ ਲੱਖੇ ਹਾਰ ਤਿਨ੍ਹਾਂ ਦੇ,

ਓੜਕ ਰਾਜੇ ਸਣੇ ਰਾਣੀਆਂ,

ਹਾਰ ਸ਼ਿੰਗਾਰ ਵਿਸਾਰ ਗਏ

ਸਬਜ਼ ਨਵਾਰੀ ਪਲੰਘ ਕਸਾਵਨ,

ਮਾਲੀ ਸੁੰਦਰ ਫੁੱਲ ਬਿਛਾਵਨ,

ਅਤਰ ਫੁਲੇਲ ਸਰਹਾਣੇ ਧਰ ਕੇ,

ਮੌਤ ਵਿਸਾਰ ਹੰਕਾਰ ਗਏ

ਲਸ਼ਕਰ ਫ਼ੌਜਾਂ ਮਾਲ ਖ਼ਜ਼ਾਨੇ,

ਤੋਪ ਜੰਬੂਰੇ, ਨੌਬਤ ਖ਼ਾਨੇ,

ਚੰਨ ਚਿਰਾਗ਼, ਜਿਨ੍ਹਾਂ ਦੇ ਰੌਸ਼ਨ,

ਵਸਤੀ ਛਡ ਉਜਾੜ ਗਏ

ਈਸ਼ਰ ਦਾਸਾ ਸਣੇ ਗ਼ੁਲਾਮਾਂ,

ਨਿਉਂ ਨਿਉਂ ਰਾਜੇ ਕਰਨ ਸਲਾਮਾਂ,

ਗੋਰਾਂ ਅੰਦਰਿ ਜਾਏ ਸਮਾਣੇ,

ਅੰਤ ਕਾਲ ਨੂੰ ਹਾਰ ਗਏ

📝 ਸੋਧ ਲਈ ਭੇਜੋ