ਕਿਧਰੋਂ ਵੀ ਨਾ ਆਵੇ 'ਵਾਜ਼ ਜ਼ਮੀਰਾਂ ਦੀ ।
ਲੰਬੀ ਤਾਨ ਕੇ ਸੋ ਗਈ ਰੱਤ ਸਰੀਰਾਂ ਦੀ ।
ਭਾਵੇਂ ਸਿਰ ਤੇ ਬਾਹਵਾਂ ਧਰਕੇ ਰੋਂਦੇ ਰਹੇ,
ਕੰਧੋਂ ਬਾਹਰ ਨਾ ਨਿਕਲੀ ਵਾਜ਼ ਅਸੀਰਾਂ ਦੀ ।
ਸਾਰਾ ਸ਼ਹਿਰ ਬਚਾਵਾਂ ਦੁੱਖ-ਤੂਫ਼ਾਨਾਂ ਤੋਂ,
ਹਿੱਕ ਤੇ ਝੱਲਾਂ ਵਾਛੜ ਗ਼ਮ ਦੇ ਤੀਰਾਂ ਦੀ ।
ਵੇਲੇ ਨੇ ਤੇ ਸਾਰੇ ਨਕਸ਼ ਭੁਲਾ ਛੱਡੇ,
ਸ਼ਕਲ ਪਛਾਣੀ ਜਾਂਦੀ ਨਹੀਂ ਤਸਵੀਰਾਂ ਦੀ ।
ਇਕ ਦਿਨ ਯਾਦ ਕਰੇਂਗਾ ਯਾਰ ਵਫ਼ਾਵਾਂ ਨੂੰ,
ਹੁਣ ਤੇ ਕਦਰ ਨਹੀਂ ਕਰਦਾ ਵਗਦੇ ਨੀਰਾਂ ਦੀ ।
ਲੋਕ 'ਮਲੂਕ' ਦਾ ਹਸਦਾ ਚਿਹਰਾ ਵਿਹੰਦੇ ਨੇ,
ਗਿਣਤੀ ਕੌਣ ਕਰੂਗਾ ਗ਼ਮ ਦੇ ਤੀਰਾਂ ਦੀ?