ਕਿਹਾ ਮੈਂ ਵੀ ਮੁਬਾਰਕ ਉਸ ਨੂੰ ਆਪਣੀ ਹਾਰ ਦੇ ਪਿੱਛੋਂ।
ਮੇਰੇ ਰਾਹੀਂ ਉਹ ਫੁੱਲ ਬਣਿਆ, ਮੇਰੇ ਇਜ਼ਹਾਰ ਦੇ ਪਿੱਛੋਂ।
ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਦੇ ਪਿੱਛੋਂ,
ਕਿਵੇਂ ਬੈਠਾਂ ਮੈਂ ਚੁੱਪ ਦੀ ਗੋਦ ਵਿੱਚ ਟੁਣਕਾਰ ਦੇ ਪਿੱਛੋਂ।
ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ ,
ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਦੇ ਪਿੱਛੋਂ ।
ਮੈਂ ਪਰਬਤ ਸਿਰ ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ,
ਤੇ ਹੌਲ਼ਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਦੇ ਪਿੱਛੋਂ ।
ਚੁਫੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ,
ਮੈਂ ਮੁੜ ਆਇਆਂ ਤੇਰੀ ਝਾਂਜਰ ਦੀ ਇੱਕ ਟੁਣਕਾਰ ਦੇ ਪਿੱਛੋਂ।
ਲਚੀਲਾ ਬਾਂਸ ਹਾਂ ਸੰਕੋਚ ਨਾ ਕੋਈ ਲਿਫਣ ਵਿੱਚ ਮੈਨੂੰ,
ਮੈਂ ਅਕਸਰ ਉੱਠ ਜਾਂਦਾ ਹਾਂ ਹਵਾ ਦੇ ਵਾਰ ਦੇ ਪਿੱਛੋਂ।