ਕਿਹਦੇ ਕੋਲ ਸਾਰ ਹੈ

ਕਿਹਦੇ ਕੋਲ ਸਾਰ ਹੈ

ਆਪਣੇ ਬੀਤੇ ਪਲਾਂ ਦੀ ਦਾਸਤਾਨ ਨੂੰ

ਸੰਭਾਲ ਸੰਭਾਲ ਰੱਖਣ ਦੀ ਦਿਲ ਦੀ ਕਿਸੇ ਨੁੱਕਰ 'ਚ

ਤੂੰ ਇਸ ਤਰਾਂ ਨਹੀਂ ਸੀ ਜਾਣਾ

ਅਜੇ ਸੁੱਤੇ ਪਏ ਸਨ ਕਈ ਖ਼ਾਬ

ਅਜੇ ਨਹੀਂ ਸੀ ਆਈ

ਕਈ ਸੁੱਤੇ ਪਏ ਜ਼ਖ਼ਮਾਂ ਨੂੰ ਜਾਗ

ਉਦਾਸ ਹੋਏ ਸੁਫ਼ਨੇ

ਜਦ ਵੀ ਟੁੱਟ ਕੇ ਸੌਂਦੇ ਨੇ

ਡਿੱਗ ਪੈਂਦੇ ਨੇ ਏਧਰ ਓਧਰ

ਜੇ ਉਠਾਉ ਤਾਂ ਵਿਰਦੇ ਨਹੀਂ ਕਈ ਕਈ ਸਦੀਆਂ

ਉਹਨਾਂ 'ਚ ਫਿਰ ਜ਼ਿੰਦਗੀ ਦੇ

ਹਾਦਸਿਆਂ ਦਾ ਜ਼ਿਕਰ ਲਿਸ਼ਕਣ ਲਗਦਾ ਹੈ

ਫਿਰ ਹਾਸਿਆਂ ਕਿੱਲਕਾਰੀਆਂ ਬਿਨ

ਵਿਚਰਣ ਗੁਆਚਣ ਖੇਡਣ ਲੱਗ ਪੈਂਦੇ ਨੇ

ਤੂੰ ਚਲੀ ਗਈ

ਕੁਝ ਸੁਫ਼ਨੇ ਤਾਂ ਤੇਰੀਆਂ ਪੈੜਾਂ ਲੱਭਣ ਟੁਰ ਗਏ

ਜੋ ਬਚੇ ਉਹ ਕੰਧਾਂ ਨਾਲ ਸਿਰ ਲਾ ਕੇ ਡੁਸਕਦੇ ਰਹੇ

ਇੰਜ ਆਮ ਹੀ ਹੁੰਦਾ ਆਇਆ ਹੈ

ਚੰਨ ਸਿਤਾਰਿਆਂ ਨਾਲ

ਤੇ ਟੁੱਟੇ ਹੋਏ ਲਾਰਿਆਂ ਦੇ ਨਾਲ

ਤੈਨੂੰ ਯਾਦ ਵੀ ਨਹੀਂ ਹੋਣਾ

ਕਿ ਕਿੰਜ ਰੋਇਆ ਓਸ ਰਾਤ ਦਾ ਚੰਨ

ਕਿੰਜ ਮਹਿਫ਼ਲ ਉੱਜੜੀ ਤੇਰੇ ਸ਼ਬਾਬ ਬਿਨ

ਸੁਫ਼ਨਿਆਂ ਨੇ ਤਾਂ ਅੰਤ ਮਰਨਾ ਹੀ ਹੁੰਦਾ ਹੈ

ਚਾਹੇ ਤੇਰੀ ਗੋਦ 'ਚ ਮਰ ਜਾਣ

ਜਾਂ ਡੁੱਬ ਮਰਨ ਕਿਸੇ ਡੂੰਘੇ ਸਮੁੰਦਰ 'ਚ

ਸਾਨੂੰ ਵੀ ਹੁਣ ਛੁਪਣ ਦਾ ਖੌਫ਼ ਨਹੀਂ ਰਿਹਾ

ਹਾਦਸੇ ਵੀ ਜਿੱਤ ਦੇ ਝੂਲਦੇ ਪਰਚਮ ਜਾਪਦੇ ਨੇ

ਅਸੀਂ ਤਾਂ ਸਲੀਬ ਤੇ ਵੀ ਉਣਦੇ ਰਹਿੰਦੇ ਹਾਂ ਚਾਅ

ਮਹਿਬੂਬ ਦੀ ਮਹਿਫ਼ਲ 'ਚ ਵੀ

ਬੰਦਾ ਜ਼ਿਹਬਾ ਹੀ ਹੁੰਦਾ ਹੈ

ਹਿੱਕ 'ਚ ਡੁੱਬੇ ਨਜ਼ਰਾਂ ਦੇ ਤੀਰ ਲਕੋਂਦਾ ਹੀ ਰਹਿੰਦਾ ਹੈ

ਰਾਹਾਂ 'ਚ ਵੀ ਜੇ ਪਹਿਨਣ ਨੂੰ ਮਿਲਦੇ ਹਨ

ਤਾਂ ਖੰਜਰਾਂ ਵਰਗੇ ਪਹਿਰ

ਜਾਂ ਅੰਦਰ ਧੁਰ ਕਿਤੇ ਛੁਪੀਆਂ ਕਟਾਰਾਂ

ਕੋਈ ਨਹੀਂ ਪਛਾਣ ਸਕਦਾ

ਆਪਣੇ ਹਿੱਸੇ ਦੀ ਗੋਲੀ ਦੀ ਆਵਾਜ਼ ਨੂੰ

ਅੱਜ ਦੇ ਮੌਸਮ 'ਚ

ਕਿਸੇ ਨੂੰ ਨਹੀਂ ਪਤਾ

ਕਿ ਕਿਧਰੋਂ ਆਉਣਾ ਹੈ ਮੌਤ ਦੀ ਕਾਲੀ ਹਨ੍ਹੇਰੀ ਨੇ

ਕਿਵੇਂ ਜੋੜਾਂ ਹੁਣ

ਤੇਰੀ ਉਡੀਕ 'ਚ ਤਿੜਕੇ ਸੁਫ਼ਨਿਆਂ ਨੂੰ

ਕਿੰਜ ਚੁਗਾਂ ਜ਼ਖ਼ਮ

ਖਿੱਲਰਿਆਂ ਤੇਰਿਆਂ ਚਾਵਾਂ 'ਚੋਂ

ਮਹਿਕਾਂ ਜੇ ਕੱਠੀਆਂ ਕਰਦਾ ਹਾਂ

ਤਾਂ ਕਿਰ ਜਾਂਦੀਆਂ ਹਨ ਚੇਤਿਆਂ 'ਚੋਂ

ਕੈਨਵਸ 'ਤੇ ਜੇ ਰੰਗ ਛੇੜਦਾ ਹਾਂ

ਤਾਂ ਤੇਰਾ ਚਿਹਰਾ ਬਣ ਜਾਂਦਾ ਹੈ ਫੁੱਲ ਬਣਾਉਦਿਆਂ ਬਣਾਉਦਿਆਂ

📝 ਸੋਧ ਲਈ ਭੇਜੋ