ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਮੱਚ ਉੱਠੇ ਹੋ
ਪਿੱਠ ਨੂੰ ਬੜਾ ਸੇਕ ਲੱਗਿਆ ਹੈ
ਬਿਆਨਾਂ ਨਾਲ਼ ਕਰ ਰਹੇ ਹੋ
ਕਾਲ਼ੇ ਅਖ਼ਬਾਰ
'ਕੌਮ ਦਾ ਅਪਮਾਨ ਹੋਇਆ ਹੈ'
ਜ਼ਰਾ ਦੱਸਣਾ ਤਾਂ ਸਹੀ
ਕੌਮ ਤੋਂ ਤੁਹਾਡਾ ਭਾਵ?
ਕੌਮ ਉਹ ਹੈ ਜੋ
ਬੰਗਲਿਆਂ 'ਚ ਵਸਦੀ ਹੈ?
ਜਾਂ ਫਿਰ ਉਹ ਜੋ
ਫੁੱਟ-ਪਾਥਾਂ ਤੇ ਸੌਂਦੀ ਹੈ?
ਕੌਮ ਉਹ ਹੈ ਜੋ
ਆਏ ਪਹਿਰ ਸੂਟ ਬਦਲਦੀ ਹੈ?
ਜਾਂ ਫਿਰ ਉਹ ਜੋ
ਸਿਆਲ ਭਰ ਕੁਰਨ ਕੁਰਨ ਕਰਦੀ ਹੈ?
ਕੌਮ ਉਹ ਹੈ ਜੋ
ਗੋਲੀਆਂ ਦੇ ਵਾਰ ਕਰਦੀ ਹੈ?
ਜਾਂ ਫਿਰ ਉਹ ਜੋ
ਗੋਲੀਆਂ ਨੂੰ ਹਿੱਕ ਤੇ ਜਰਦੀ ਹੈ?
ਕੌਮ ਉਹ ਹੈ ਜੋ
ਦਿੱਲੀ 'ਚ ਬਹਿਕੇ ਹੁਕਮ ਕਰਦੀ ਹੈ?
ਜਾਂ ਫਿਰ ਉਹ ਜੋ
ਛੰਭ-ਜੌੜੀਆਂ 'ਚ ਲੜ ਮਰਦੀ ਹੈ?
ਅੰਨ੍ਹੇ ਨੂੰ ਪੁੱਛੋ
ਸੁਜਾਖੇ ਨੂੰ ਪੁੱਛੋ
ਭਲਾਂ ਇੱਕ ਕਿਵੇਂ ਹੋ ਸਕਦੀ ਹੈ ।
ਪਹਿਲੀ ਤੇ ਦੂਸਰੀ ਕਿਸਮ ਦੀ ਕੌਮ?
ਤੇ ਇੱਕ ਕਿਵੇਂ ਹੋ ਸਕਦਾ ਹੈ
ਫਿਰ ਦੋਨਾਂ ਦਾ ਝੰਡਾ?
ਤੁਹਾਡੇ ਬਿਆਨਾਂ ਤੇ ਮੈਨੂੰ ਗਿਲਾ ਨਹੀਂ
ਪਰ ਖੋਲ੍ਹਕੇ ਦੱਸੋ
ਕਿਹੜੀ ਕੌਮ ਦਾ ਅਪਮਾਨ ਹੋਇਆ ਹੈ?
ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਬੜੇ ਟੱਪੇ ਹੋ
ਪਰ ਮੈਂ ਪੁੱਛਦਾ ਹਾਂ
ਇਹ ਕਿਹੜੀ ਅਣਹੋਣੀ ਹੋਈ ਹੈ?
ਭਲਾ ਕਾਤਲਾਂ ਨੂੰ ਹਾਰ ਕਿਉਂ ਪਾਵੇਗੀ?
ਗੋਲੀਆਂ ਸਹਿਣ ਵਾਲੀ ਕੌਮ
ਝੁੱਗੀਆਂ 'ਚ ਰਹਿਣ ਵਾਲੀ ਕੌਮ
ਪਾਲ਼ਿਆ ਵਿੱਚ ਠਰਨ ਵਾਲੀ ਕੌਮ
ਸਰਹੱਦਾਂ ਤੇ ਮਰਨ ਵਾਲ਼ੀ ਕੌਮ.......