ਕਿਹੜੇ ਵਿਰਦ ਤੇ ਮੰਤਰ ਗਾਵਾਂ

ਕਿਹੜੇ ਵਿਰਦ ਤੇ ਮੰਤਰ ਗਾਵਾਂ ਆਪਣਾ ਭੇਤ ਮੈਂ ਪਾਵਾਂ

ਇਸ ਦੁਨੀਆਂ ਤੋਂ ਜਾਨ ਛੁਡਾਵਾਂ ਆਪਣਾ ਭੇਤ ਮੈਂ ਪਾਵਾਂ

ਕੋਈ ਤੇ ਮੇਰੀਆਂ ਲੀਕਾਂ ਅੰਦਰ ਛਾਤੀ ਪਾ ਕੇ ਦੱਸੇ,

ਕਿਹੜੇ ਵੈਦ ਨੂੰ ਜਾ ਵਿਖਾਵਾਂ ਆਪਣਾ ਭੇਤ ਮੈਂ ਪਾਵਾਂ

ਯਾਂ ਤੇ ਆਪਣੇ ਜੰਗ ਨੂੰ ਅੰਦਰੋਂ ਖੁਰਚ ਕੇ ਕੱਢ ਦਵਾਂ ਮੈਂ,

ਯਾਂ ਫੇਰ ਰੱਜ ਕੇ ਨੱਚਾਂ ਗਾਵਾਂ ਆਪਣਾ ਭੇਤ ਮੈਂ ਪਾਵਾਂ

ਹਰ ਆਵਾਜ਼ ਹੀ ਜਾਪੇ ਮੈਨੂੰ ਜੀਵੇਂ ਇੱਕੋ ਵਰਗੀ,

ਕਿਹੜੇ ਆਖ਼ਰ ਕਰਮ ਕਮਾਵਾਂ ਆਪਣਾ ਭੇਤ ਮੈਂ ਪਾਵਾਂ

ਹਰ ਚੌਖਟ ਤੇ ਜਾ ਕੇ ਦੇਖਾਂ ਰੋਜ਼ ਇਕ ਨਵਾਂ ਤਮਾਸਾ,

ਕਿੱਥੇ ਜਾ ਕੇ ਡੇਰੇ ਲਾਵਾਂ ਆਪਣਾ ਭੇਤ ਮੈਂ ਪਾਵਾਂ

ਮੰਦਰ ਜਾਵਾਂ ਮਸਜਿਦ ਜਾਵਾਂ ਯਾ ਗਿਰਜੇ ਵਲ ਜਾਵਾਂ,

ਗੰਗਾ ਜਾ ਮੈਂ ਪਾਪ ਧੁਆਵਾਂ ਆਪਣਾ ਭੇਤ ਮੈਂ ਪਾਵਾਂ

ਯਾ ਫਿਰ ਆਪਣੇ ਮਨ ਦੀ ਮੰਨਾਂ ਕਿਵੇਂ ਖ਼ਲਾਸੀ ਹੋਵੇ,

ਸ਼ਰ ਤੋਂ ਆਪਣਾ ਆਪ ਬਚਾਵਾਂ ਆਪਣਾ ਭੇਤ ਮੈਂ ਪਾਵਾਂ

ਉੱਠ ਦਿਲਾ ਹੁਣ ਇਸ ਤੋਂ ਅੱਗੇ ਪੈਂਡੇ ਲੰਮ-ਲਮੇਰੇ,

'ਸਾਕਿਬ' ਆਪਣਾ ਆਪ ਗਵਾਵਾਂ ਆਪਣਾ ਭੇਤ ਮੈਂ ਪਾਵਾਂ

📝 ਸੋਧ ਲਈ ਭੇਜੋ