ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਚੜ੍ਹਦੀ ਜਵਾਨੀ ਨਾਲ ਚੜ੍ਹ ਗਿਆ ਭਾ ਨੀ

ਨਵੇਂ ਨਵੇਂ ਜੋਬਨਾਂ ਦੇ ਨਵੇਂ ਨਵੇਂ ਚਾ ਨੀ

ਜਿੰਦੜੀ ਨਾ ਰੋਲ ਦੇਵੀਂ ਕਿਸੇ ਦਿਲਗੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਜੂੜੇ ਵਿਚ ਮੋਤੀਏ ਦੇ ਫੁੱਲ ਪਏ ਸੱਜਦੇ

ਕੰਨਾਂ ਵਿਚ ਮਿੱਠੇ ਮਿੱਠੇ ਗਿੱਧੇ ਪਏ ਵੱਜਦੇ

ਖੁੱਲ੍ਹ ਜਾਂਦੇ ਭੇਤ ਲੋਕ ਭਾਵੇਂ ਲੱਖ ਕੱਜਦੇ

ਫੱਟੀ ਹੋਈ ਏਂ ਤੂੰ ਕਿਸੇ ਡਾਢੇ ਤੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਪਲਕਾਂ ਦੀ ਜਾਲੀ ਵਿਚੋਂ ਝਾਕਦੀਆਂ ਕਹਾਣੀਆਂ

ਪਾਣੀਆਂ ਤੇ ਅੱਗਾਂ ਦੀਆਂ ਖੇਡਾਂ ਨੇ ਪੁਰਾਣੀਆਂ

ਰਾਹਵਾਂ ਵਿਚ ਠੇਡੇ ਖਾਣ ਨਜ਼ਰਾਂ ਨਮਾਣੀਆਂ

ਤਾਬ ਨਹੀਉਂ ਝੱਲੀ ਜਾਂਦੀ ਤੇਰੇ ਡਿੰਗੇ ਚੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਚੁੱਪ ਚੁੱਪ ਰਹਿ ਕੇ ਵੀ ਇਹ ਬੜਾ ਕੁਝ ਕਹਿੰਦੀਆਂ

ਲੱਗ ਜਾਣ ਅੱਖੀਆਂ ਤੇ ਗੁੱਝੀਆਂ ਨਾ ਰਹਿੰਦੀਆਂ

ਕਿਹਦੀਆਂ ਨੇ ਤਾਂਘਾਂ ਤੈਨੂੰ ਘੇਰ ਘੇਰ ਬਹਿੰਦੀਆਂ

ਸੱਚ ਸੱਚ ਦੱਸ ਦੇ ਨੀ ਸਹੁੰ ਤੈਨੂੰ ਵੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ

ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ

📝 ਸੋਧ ਲਈ ਭੇਜੋ