ਕਿੱਕਰਾ ਵੇ ਕੰਡਿਆਲਿਆ

ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਚੇਤ,

ਜਾਗ ਪਈਆਂ ਅਜ ਪੈਲੀਆਂ ਜਾਗ ਪਏ ਅਜ ਖੇਤ ।

ਕਿੱਕਰਾ ਵੇ ਕੰਡਿਆਲਿਆ! ਚੜ੍ਹਿਆ ਅਜ ਵਸਾਖ,

ਸਾਮਰਾਜ ਦੇ ਮੂੰਹ ਤੇ, ਉਡ ਉਡ ਪੈਂਦੀ ਰਾਖ ।

ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਜੇਠ,

ਉੱਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ ।

ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਹਾੜ੍ਹ,

ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ ।

ਕਿੱਕਰਾ ਵੇ ਕੰਡਿਆਲਿਆ! ਅਗੋਂ ਚੜ੍ਹਿਆ ਸੌਣ,

ਦਾਵਾਨਲ ਹੈ ਸਮੇਂ ਦੀ ਰੋਕ ਸਕੇ ਅਜ ਕੌਣ !

ਕਿੱਕਰਾ ਵੇ ਕੰਡਿਆਲਿਆ! ਭਾਦੋਂ ਹੈ ਇਸ ਵੇਰ,

ਵੇਲਣ ਵਿਚ ਨਪੀੜਿਆ, ਛਿੱਲਾਂ ਉੱਗੀਆਂ ਫੇਰ ।

ਕਿੱਕਰਾ ਵੇ ਕੰਡਿਆਲਿਆ! ਅਸੂ ਚੜ੍ਹਿਆ ਅੱਜ,

ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਪੱਜ !

ਕਿੱਕਰਾ ਵੇ ਕੰਡਿਆਲਿਆ! ਕੱਤਕ ਬਦਲੇ ਤੌਰ,

ਨਵੇਂ ਜੁੱਗਾਂ ਦੇ ਬੁੱਤ ਵਿਚ ਨਵੇਂ ਲਹੂ ਦਾ ਦੌਰ।

ਕਿੱਕਰਾ ਵੇ ਕੰਡਿਆਲਿਆ! ਮੱਘਰ ਚੜ੍ਹਿਆ ਆਣ,

ਕੋਈ ਇਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਣ ।

ਕਿੱਕਰਾ ਵੇ ਕੰਡਿਆਲਿਆ ! ਉਤੋਂ ਚੜ੍ਹਿਆ ਪੋਹ,

ਹੱਕ ਜਿਨ੍ਹਾਂ ਦੇ ਆਪਣੇ, ਆਪ ਲੈਣਗੇ ਖੋਹ ।

ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਮਾਘ,

ਕਰਨ ਸਵਾਰੀ ਸਮੇਂ ਤੇ, ਫੜਨ ਸਮੇਂ ਦੀ ਵਾਗ ।

ਕਿੱਕਰਾ ਵੇ ਕੰਡਿਆਲਿਆ! ਫੱਗਨ ਚੜ੍ਹਿਆ ਆਨ

ਲੋਕਾਂ ਦੇ ਇਸ ਜੁੱਗ ਵਿਚ, ਲੋਕ ਚੜ੍ਹਨ ਪਰਵਾਨ ।

📝 ਸੋਧ ਲਈ ਭੇਜੋ