ਕਿਨਾਰੇ ਦੇ ਦੀਪਾਂ ਵੱਲ ਪਰਤਦਿਆਂ

ਤੇਰਾ ਨੰਗਾ ਸਰੂਪ ਨਹੀਂ ਝੱਲ ਸਕਦਾ ਜ਼ਿੰਦਗੀ

ਬਸਤਰਾਂ ਦੀ ਚਮਕ ਵਿੱਚ

ਚੁੰਧਿਆਕੇ ਮਿਲਦਾ ਹਾਂ

ਚੁਫੇਰਿਓਂ ਵਰ੍ਹਦੀ

ਸੱਖਣੇਪਣ ਦੀ ਮਾਰ ਤੋਂ ਬਚਣ ਲਈ

ਮੈਂ ਤਾਣ ਦਿੱਤੇ ਹਨ

ਰੰਗ ਬਰੰਗੇ ਪਰਦੇ

ਬੇਰੰਗ ਤੇਜ ਨੂੰ

ਰੰਗ ਰੰਗ ਕੇ ਦੇਖਣ ਵਿੱਚ ਰੁਝਿਆ ਹਾਂ

ਤੇਰੇ ਮਹਾਂ ਵਿਸਫੋਟ ਤੇ ਮਹਾਂ ਮਿਲਨ ਦੇ

ਆਰ ਪਾਰ ਬਿਖਰੀ

ਅਰਥਹੀਣਤਾ ਦੀ ਤਿੱਖੀ ਧਾਰ ਤੇ ਚੱਲਦੇ ਹੋਏ

ਜੁਗਾਦੀ ਇਕੱਲਤਾ ਦੀ ਘੁਟਣ ਤੋਂ ਬਚਣ ਲਈ

ਮੈਂ ਕਰ ਲਿਆ ਸਭਿਅਤਾ ਦਾ ਜਸ਼ਨ

ਤੇ ਰੱਬ ਦੇ ਖਿਆਲ ਨਾਲ ਪਰਚ ਗਿਆ

ਅਰਥ ਵਿਹੂਣੀ ਇਕੱਲਤਾ ਨੂੰ ਅਰਥ ਦੇਣ ਲਈ

ਮੈਂ ਸਫਰ ਕੀਤੇ

ਅਧਿਆਤਮ ਦੇ ਬੱਦਲਾਂ ਵਿੱਚੋਂ

ਸ਼ਾਇਰੀ ਦੇ ਧੁੰਧੀਲੇ ਪੰਧਾਂ ਰਾਹੀਂ

ਮੁਹੱਬਤ ਦੀਆਂ ਪਹਾੜੀ ਪਗਡੰਡੀਆਂ ਉਤੇ

ਤਰਕ ਦੀਆਂ ਕੜੀਆਂ ਜੋੜਦਾ ਜੋੜਦਾ

ਮੈਂ ਪਹੁੰਚਾ ਹਾਂ ਜਿਥੇ

ਸਭ ਮਾਰਗਾਂ ਦੇ ਆਖਰੀ ਸਿਰੇ ਤੇ

ਉਥੇ ਬੇਨਾਮ ਦਿਸ਼ਾਵਾਂ ਚੋਂ

ਅਰਥਹੀਣਤਾ ਟਪਕ ਰਹੀ ਹੈ

ਨਿਰਵਾਣ ਤੇ ਕਾਇਨਾਤੀ ਮਿਲਾਪ ਦੀਆਂ

ਨੂਰਾਨੀ ਤਸਵੀਰਾਂ ਦਾ

ਇਹ ਪਿਛਲਾ ਪਾਸਾ ਹੈ

-ਪਾਰ ਨਿਰਵਾਣ ਦੀ ਮਹਾਂ ਸੁਰੰਗ

ਆਖਰੀ ਸਚਾਈ ਦੀ ਭਾਲ

ਮੈਂ ਨਿਕਲ ਆਇਆ ਹਾਂ ਜਿਥੇ

ਨਾ ਅੱਗੇ ਕੁੱਝ ਹੈ ਨਾ ਪਿੱਛੇ

ਖਲਾਅ ਲਟਕਦੇ ਵਜੂਦ ਅੰਦਰ

ਭਾਫ ਵਾਂਗ ਫੈਲ ਰਹੀ

ਇਕੱਲਤਾ ਤੋਂ ਸਿਵਾ

ਇੱਕ ਨੁਕਤੇ ਡਿਗਦੀ ਹੋਈ

ਪੂਰੀ ਕਾਇਨਾਤ

- ਸੂਖਮ ਤੇ ਵਿਰਾਟ

- ਭੂਤ ਤੇ ਭਵਿਖ

- ਪ੍ਰਕਾਸ਼ ਤੇ ਹਨੇਰਾ

-ਚੇਤਨ ਤੇ ਜੜ੍ਹ

ਕੁੱਲ ਵਜੂਦ ਤੇਰਾ ਦਿਸ਼ਾਹੀਣਤਾ ਡੋਲ ਰਿਹਾ ਹੈ

ਟਿਕਾ ਦੇ ਰੂਹ ਦੀ ਹਥੇਲੀ ਤੇ

ਇਸ ਬਿੰਦੂ ਦੀ ਤਿੱਖੀ ਧਾਰ ਨੂੰ

ਮੈਂ ਚੱਲ ਰਿਹਾ ਹਾਂ..........

ਕਦਮ ਕਦਮ ਤੇ ਧਸ ਰਿਹਾ ਹੈ ਅੰਦਰ

ਤੇਰਾ ਆਖਰੀ ਸੱਚ

ਪੀੜ ਦਾ ਜਸ਼ਨ ਹੋ ਰਿਹਾ ਹੈ

ਮੈਂ ਭੱਜ ਆਇਆ ਹਾਂ

ਤੇਰੇ ਆਖਰੀ ਨੰਗੇਜ ਨੂੰ ਹੱਥ ਲਾ ਕੇ

ਕੁੱਝ ਨਹੀਂ ਹੈ ਤੇਰੇ ਕੋਲ ਜ਼ਿੰਦਗੀ

ਜਨਮ ਦੇ ਬੰਧਨਾਂ ਬਿਨਾਂ

ਅਹੁ ਦੂਰ, ਮਜਬੂਰ ਆਦਮੀ

ਤੇਰੀ ਆਖਰੀ ਸਚਾਈ ਵੱਲ ਪਿੱਠ ਕਰੀਂ

ਸਭਿਅਤਾ ਦੇ ਨਸ਼ੇ ਗੁਆਚਿਆ ਹੈ

ਤੇਰੀ ਅਰਥਹੀਣਤਾ ਦੇ ਖਿਲਾਫ

ਬੇਅਰਥ ਹੋਂਦ ਨੂੰ ਅਰਥ ਦੇਣ ਲਈ

ਵੇਖ ਆਦਮੀ ਨੇ ਕੀ ਕੀ ਰਚ ਲਿਆ

ਆਪਣੀ ਧਰਤੀ ਦੇ ਟਾਪੂ ਤੇ ਦੇਖ-

ਸਭਿਅਤਾ ਦੇ ਸ਼ਾਮਿਆਨੇ

ਰੂਹਾਨੀਅਤ ਦੇ ਸਤਰੰਗੀ ਦ੍ਰਿਸ਼ਾਂ

ਸੰਮੋਹਿਤ ਆਦਮੀ

ਰਿਸ਼ਤਿਆਂ ਦੇ ਚਕਰਵਿਊ

ਉਲਝਿਆ ਬੰਦਾ

ਅਚੇਤ ਦੇ ਥਲਾਂ ਰਚਾਕੇ

ਅਰਥਹੀਣਤਾ ਦੀ ਪੀੜ

ਸਾਡੇ ਮੱਥਿਆਂ ਤੇ ਉਗਾਈਆਂ ਫਸਲਾਂ ਦੇਖ

ਫੇਰ ਮਾਰਦਾ ਹਾਂ ਨਜ਼ਰ

ਤੇਰੇ ਅਖੀਰਲੇ ਸੱਚ ਤੇ

ਬੇਚੈਨ ਅਨੰਤਤਾ ......

ਕੁਝ ਨਹੀਂ ਹੈ

ਵਿਸ਼ਵਾਸ਼ ਦੇ ਲਗਾਤਾਰ ਮੱਧਮ ਪੈਂਦੇ ਜਾਣ ਤੋਂ ਸਿਵਾ

ਤੇਰੇ ਆਖਰੀ ਸਿਰੇ ਦੀ ਪੀੜ

ਹਲਾਲ ਹੁੰਦਿਆਂ

ਮੈਂ ਭੱਜ ਨਿਕਲਿਆ ਹਾਂ

ਕਿਨਾਰੇ ਦੀਆਂ ਰੌਸ਼ਨੀਆਂ ਵੱਲ

ਗਹਿਰਾਈਆਂ ਦੀ ਪੀੜ ਤੋਂ ਡਰਦਿਆਂ

ਮੈਂ ਸਤਹ ਦੇ ਨਸ਼ੇ ਗੁੰਮ ਹਾਂ

📝 ਸੋਧ ਲਈ ਭੇਜੋ