ਭਲਾ ਫਿਰ ਕਿੰਜ ਭੈੜੀ ਰੂਹ ਸਰਾਪਦੀ ਮੈਨੂੰ।
ਜੇ ਹੁੰਦੀ ਖ਼ਬਰ ਕੁਝ ਆਪਣੇ ਹੀ ਆਪਦੀ ਮੈਨੂੰ।
ਮੈਂ ਤੇਰੀ ਅੱਖ ਦਾ ਸੁਪਨਾ ਜੇ ਬਣ ਗਿਆ ਹੁੰਦਾ,
ਤਾਂ ਏਨੀ ਅਜਨਬੀ ਦੁਨੀਆ ਨਾ ਜਾਪਦੀ ਮੈਨੂੰ।
ਕਿ ਮੈਂ ਇੱਕ ਰੁੱਤ ਹਾਂ ਸੀਮਾ 'ਚ ਕੈਦ ਹਾਂ ਯਾਰੋ,
ਕਿਵੇਂ ਨਾ ਜ਼ਿੰਦਗੀ ਘੜੀਆਂ 'ਚ ਮਾਪਦੀ ਮੈਨੂੰ।
ਰਤਾ ਸੁਣਿਓਂ ਕਿਵੇਂ ਬਿਰਹਾ ਦੀ ਰਾਗਣੀ ਬਣ ਕੇ,
ਹਵਾ ਦੀ ਬੰਸਰੀ ਮੁੜ ਮੁੜ ਅਲਾਪਦੀ ਮੈਨੂੰ।
ਕਿਸੇ ਫ਼ਨਕਾਰ ਦੀ ਦੇਹਰੀ ਤੇ ਜਾਨ ਦੇਵਾਂਗਾ,
ਕਿ ਅੱਜ ਕਲ੍ਹ ਕਸਰ ਹੈ ਬਿਰਹਾ ਦੇ ਤਾਪ ਦੀ ਮੈਨੂੰ।
ਕੋਈ ਦੱਸੋ ਕਿ ਮੈਂ ਕਿਹੜੀ ਸਦੀ ਦਾ ਵਾਸੀ ਹਾਂ,
ਕਿ ਆਪਣੀ ਹੋਂਦ ਹੀ ਖ਼ਤਰਾ ਹੈ ਜਾਪਦੀ ਮੈਨੂੰ ।
ਰਤਾ ਹਮਦਰਦ ਹੋ ਮੈਨੂੰ ਜੇ ਪਰਖਦੀ ਜਿੰਦੇ,
ਮਸੀਹਾ ਪੀੜ ਦਾ ਆਪੇ ਤੂੰ ਥਾਪਦੀ ਮੈਨੂੰ ।